ਮੰਤਰੀਆਂ ਦੇ ਘਿਰਾਓ ’ਚ ਸ਼ਾਮਲ ਹੋਣ ਸਾਰੇ ਅਧਿਆਪਕ : ਰੰਧਾਵਾ ਅਧਿਆਪਕ ਦਲ ਪੰਜਾਬ ਵਲੋਂ ਮਿਤੀ 12-13 ਸਤੰਬਰ ਨੂੰ ਮੰਤਰੀਆਂ ਦੀ ਰਿਹਾਇਸ਼ ਦੇ ਘਿਰਾਓ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
Publish Date: Thu, 10 Sep 2026 07:10 PM (IST)
Updated Date: Thu, 10 Sep 2026 07:13 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਤੇ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਤਾਲਮੇਲ ਕਮੇਟੀ ਵੱਲੋਂ ਲੁਧਿਆਣਾ ਵਿਖੇ ਪੰਜਾਬ ਪੱਧਰੀ ਮੀਟਿੰਗ ਦੌਰਾਨ ਸਮੂਹ ਵਿਭਾਗਾਂ ਦੇ ਆਗੂਆਂ ਦੀ ਸਹਿਮਤੀ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਗਾਤਾਰ ਸੰਘਰਸ਼ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਤਹਿਤ ਮਿਤੀ 12-13 ਸਤੰਬਰ ਨੂੰ ਪੰਜਾਬ ਦੇ ਮੰਤਰੀਆਂ ਦੀ ਰਿਹਾਇਸ਼ ਦਾ ਘਿਰਾਓ ਕਰਨ ਦਾ ਫੈਸਲਾ ਕੀਤਾ ਗਿਆ ਸੀ। ਇਸ ਸਬੰਧੀ ਅਧਿਆਪਕ ਦਲ ਪੰਜਾਬ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਕਨਵੀਨਰ ਜਸਵਿੰਦਰ ਸਿੰਘ ਔਲਖ, ਸੂਬਾ ਪ੍ਰਧਾਨ ਸਤਨਾਮ ਸਿੰਘ ਰੰਧਾਵਾ, ਸੂਬਾ ਸਕੱਤਰ ਜਨਰਲ ਰਵਿੰਦਰਜੀਤ ਸਿੰਘ ਪੰਨੂੰ ਤੇ ਇੰਚਾਰਜ ਗੁਰਸਿਮਰਤ ਸਿੰਘ ਜਖੇਪਲ ਨੇ ਸਮੂਹ ਅਧਿਆਪਕ ਵਰਗ ਨੂੰ ਇਸ ਦੋ ਦਿਨਾ ਘਿਰਾਓ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਪੰਜਾਬ ਸਰਕਾਰ ਕੋਲੋਂ ਆਪਣੇ ਹੱਕ ਸੁਰੱਖਿਅਤ ਰੱਖੇ ਜਾ ਸਕਣ। ਉਨ੍ਹਾਂ ਦੱਸਿਆ ਕਿ ਮਿਤੀ 12 ਸਤੰਬਰ ਦਿਨ ਸ਼ਨੀਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈਟੀਓ ਦੀ ਰਿਹਾਇਸ਼ ਦੇ ਘਿਰਾਓ ਸਮੇਂ ਸ੍ਰੀ ਅੰਮ੍ਰਿਤਸਰ ਸਾਹਿਬ, ਤਰਨਤਾਰਨ ਤੇ ਕਪੂਰਥਲਾ ਦੇ ਮੁਲਾਜ਼ਮ ਤੇ ਪੈਨਸ਼ਨਰ, ਗੜ੍ਹਸ਼ੰਕਰ ਵਿਖੇ ਜੈ ਕ੍ਰਿਸ਼ਨ ਰੋੜੀ ਡਿਪਟੀ ਸਪੀਕਰ ਵਿਧਾਨ ਸਭਾ ਦੀ ਰਿਹਾਇਸ਼ ਦੇ ਘਿਰਾਓ ਸਮੇਂ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਸਾਥੀ, ਪਟਿਆਲਾ ਵਿਖੇ ਸਿਹਤ ਮੰਤਰੀ ਬਲਬੀਰ ਸਿੰਘ ਦਾ ਘਿਰਾਓ ਕਰਨ ਸਮੇਂ ਪਟਿਆਲਾ ਤੇ ਫ਼ਤਹਿਗੜ੍ਹ ਸਾਹਿਬ ਦੇ ਸਾਥੀ, ਸੰਧਵਾਂ ਵਿਖੇ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਦੀ ਰਿਹਾਇਸ਼ ਦੇ ਘਿਰਾਓ ਸਮੇਂ ਫ਼ਰੀਦਕੋਟ, ਮੋਗਾ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਸਾਥੀ ਤੇ 13 ਸਤੰਬਰ ਦਿਨ ਐਤਵਾਰ ਨੂੰ ਪਠਾਨਕੋਟ ਵਿਖੇ ਜੰਗਲਾਤ ਮੰਤਰੀ ਲਾਲਚੰਦ ਕਟਾਰੂ ਚੱਕ ਦੇ ਘਿਰਾਓ ਸਮੇਂ ਪਠਾਨਕੋਟ ਤੇ ਗੁਰਦਾਸਪੁਰ ਦੇ ਸਾਥੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਘਿਰਾਓ ਸਮੇਂ ਰੋਪੜ, ਮੋਹਾਲੀ ਤੇ ਚੰਡੀਗੜ੍ਹ ਦੇ ਸਾਥੀ, ਸੁਨਾਮ ਵਿਖੇ ਤਕਨਾਲੋਜੀ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਦੇ ਘਿਰਾਓ ਸਮੇਂ ਸੰਗਰੂਰ, ਮਾਨਸਾ, ਮਲੇਰਕੋਟਲਾ, ਬਠਿੰਡਾ ਤੇ ਬਰਨਾਲਾ ਦੇ ਵੱਖ-ਵੱਖ ਵਿਭਾਗਾਂ ਦੇ ਮੁਲਾਜ਼ਮਾਂ ਤੇ ਪੈਨਸ਼ਨਰ ਸ਼ਾਮਲ ਹੋਣਗੇ। ਅਧਿਆਪਕ ਆਗੂਆਂ ਨੇ ਸਮੁੱਚੇ ਅਧਿਆਪਕ ਵਰਗ ਨੂੰ ਅਪੀਲ ਕੀਤੀ ਕਿ ਆਪ ਸਰਕਾਰ ਵੱਲੋਂ ਸਾਢੇ ਚਾਰ ਸਾਲ ਬੀਤ ਜਾਣ ’ਤੇ ਵੀ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਪ੍ਰਤੀ ਕੋਈ ਸੰਜ਼ੀਦਗੀ ਨਹੀਂ ਦਿਖਾਈ ਗਈ ਇਸ ਲਈ ਆਪਣੇ ਹੱਕ ਪ੍ਰਾਪਤ ਕਰਨ ਤੇ ਪੰਜਾਬ ਦੀ ਆਉਣ ਵਾਲੀ ਪੀੜ੍ਹੀ ਦੇ ਸੁਨਹਿਰੇ ਭਵਿੱਖ ਲਈ ਪੰਜਾਬ ਸਰਕਾਰ ਖ਼ਿਲਾਫ਼ ਇਸ ਚੱਲ ਰਹੇ ਸੰਘਰਸ਼ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਤੇ ਮੰਤਰੀਆਂ ਖ਼ਿਲਾਫ਼ ਹੋ ਰਹੇ ਰੋਸ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇ ਕਿਉਂਕਿ ਇਹ ਸੰਘਰਸ਼ ਕਿਸੇ ਇਕ ਵਰਗ ਦਾ ਨਹੀਂ ਸਗੋਂ ਸਮੁੱਚੇ ਪੰਜਾਬ ਦੇ ਆਮ ਲੋਕਾਂ ਤੇ ਵਿਦਿਆਰਥੀਆਂ ਦੇ ਭਵਿੱਖ ਦੇ ਨਾਲ-ਨਾਲ ਮਜ਼ਬੂਤ ਸਮਾਜ ਦੇ ਨਿਰਮਾਣ ਦੀ ਲੜਾਈ ਹੈ, ਇਸ ਲਈ ਸਮੂਹ ਅਧਿਆਪਕ ਵਰਗ ਨੂੰ ਇਸ ਸੰਘਰਸ਼ ਵਿਚ ਮੋਹਰੀ ਭੂਮਿਕਾ ਨਿਭਾਉਣੀ ਚਾਹੀਦੀ ਹੈ।