ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ 253 ਅਧਿਆਪਕਾਂ ਦੀ ਟਰਮੀਨੇਸ਼ਨ ਦੇ ਹੁਕਮਾਂ ਖ਼ਿਲਾਫ਼ ਗਰਜੇ ਅਧਿਆਪਕ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ 253 ਅਧਿਆਪਕਾਂ ਦੀ ਟਰਮੀਨੇਸ਼ਨ ਦੇ ਹੁਕਮਾਂ ਖ਼ਿਲਾਫ਼ ਗਰਜੇ ਅਧਿਆਪਕ
Publish Date: Sat, 31 Oct 2026 08:59 PM (IST)
Updated Date: Sat, 31 Oct 2026 09:01 PM (IST)
--253 ਅਧਿਆਪਕਾਂ ਨੂੰ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ : ਡੀਟੀਐੱਫ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : 253 ਅਧਿਆਪਕਾਂ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਟਰਮੀਨੇਸ਼ਨ ਦੇ ਹੁਕਮਾਂ ਦੇ ਵਿਰੋਧ ਵਿੱਚ ਅੱਜ ਡੀਟੀਐੱਫ ਕਪੂਰਥਲਾ ਤੇ 4,161 ਅਧਿਆਪਕ ਯੂਨੀਅਨ ਵੱਲੋਂ ਸਾਂਝੇ ਤੌਰ ’ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀਆਂ ਨੇ ਹੁੰਮ-ਹੁਮਾ ਕੇ ਸ਼ਮੂਲੀਅਤ ਕੀਤੀ ਤੇ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੇ ਗੁੱਸੇ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਡੀਟੀਐੱਫ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਅੱਲੂਵਾਲ ਤੇ ਜਨਰਲ ਸਕੱਤਰ ਤਜਿੰਦਰ ਸਿੰਘ ਅਲਾਓਦੀਪੁਰ ਤੋਂ ਇਲਾਵਾ 4,161 ਅਧਿਆਪਕ ਯੂਨੀਅਨ ਦੀਆਂ ਆਗੂ ਅਲਕਾ ਤੇ ਕਿਰਨ ਨੇ ਸੰਬੋਧਨ ਕੀਤਾ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 253 ਅਧਿਆਪਕਾਂ ਨੂੰ ਟਰਮੀਨੇਸ਼ਨ ਦੇ ਹੁਕਮ ਜਾਰੀ ਕਰਨਾ ਬੇਹੱਦ ਮੰਦਭਾਗਾ ਤੇ ਅਧਿਆਪਕ ਵਰਗ ਨਾਲ ਵੱਡਾ ਧੱਕਾ ਹੈ। ਇਹ ਅਧਿਆਪਕ ਕੋਈ ਗ਼ੈਰ-ਕਾਨੂੰਨੀ ਤਰੀਕੇ ਨਾਲ ਭਰਤੀ ਨਹੀਂ ਹੋਏ, ਸਗੋਂ ਲੋੜੀਂਦੇ ਟੈਸਟ ਪਾਸ ਕਰਕੇ ਤੇ ਸਰਕਾਰ ਵੱਲੋਂ ਨਿਰਧਾਰਤ ਪੂਰੀ ਭਰਤੀ ਪ੍ਰਕਿਰਿਆ ਵਿੱਚੋਂ ਲੰਘ ਕੇ ਸਿੱਖਿਆ ਵਿਭਾਗ ਵਿੱਚ ਨਿਯੁਕਤ ਹੋਏ ਸਨ। ਲਗਭਗ ਤਿੰਨ ਸਾਲ ਦੀ ਸੇਵਾ ਪੂਰੀ ਹੋਣ ਉਪਰੰਤ ਸਰਕਾਰ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਪੁਸ਼ਟੀ ਕਰਨ ਦੀ ਬਜਾਏ ਟਰਮੀਨੇਸ਼ਨ ਦੇ ਹੁਕਮ ਜਾਰੀ ਕਰਨਾ ਸਰਕਾਰ ਦੀ ਅਧਿਆਪਕ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਇਹ ਸੰਘਰਸ਼ ਇੱਥੇ ਹੀ ਖ਼ਤਮ ਨਹੀਂ ਹੋਵੇਗਾ। ਪੰਜਾਬ ਦੀ ਧਰਤੀ ਸੂਰਬੀਰਾਂ ਤੇ ਸੰਘਰਸ਼ਸ਼ੀਲ ਲੋਕਾਂ ਦੀ ਧਰਤੀ ਹੈ। ਜੇਕਰ ਸਰਕਾਰ ਨੇ ਅਧਿਆਪਕਾਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕ ਜਥੇਬੰਦੀਆਂ ਪੱਕੇ ਮੋਰਚੇ ਲਗਾਉਣ ਲਈ ਮਜਬੂਰ ਹੋਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਜੜ੍ਹਾਂ ਸੰਘਰਸ਼ ਰਾਹੀਂ ਹਿਲਾ ਕੇ ਰੱਖ ਦਿੱਤੀਆਂ ਜਾਣਗੀਆਂ ਤੇ ਜਦੋਂ ਤੱਕ ਟਰਮੀਨੇਸ਼ਨ ਦੇ ਹੁਕਮ ਰੱਦ ਕਰਕੇ 253 ਅਧਿਆਪਕਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਲਗਾਤਾਰ ਜਾਰੀ ਰਹੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਭਰਾਤਰੀ ਜਥੇਬੰਦੀਆਂ ਵੱਲੋਂ ਕੁਸ਼ਲ ਕੁਮਾਰ ਨੇ ਸ਼ਮੂਲੀਅਤ ਕੀਤੀ। ਡੀਟੀਐੱਫ ਵੱਲੋਂ ਬਲਾਕ ਪ੍ਰਧਾਨ ਮਲਕੀਤ ਸਿੰਘ, ਅਵਤਾਰ ਸਿੰਘ, ਸੁਖਪਾਲ ਸਿੰਘ, ਨਰਿੰਦਰ ਭੰਡਾਰੀ, ਟੀਕਮ ਚੰਦ, ਮੁਹੰਮਦ ਆਸਿਮ, ਸੀਨੀਅਰ ਮੀਤ ਪ੍ਰਧਾਨ ਜਸਵਿੰਦਰ ਸਿੰਘ, ਜਤਿੰਦਰ ਕੌਰ, ਜਸਵਿੰਦਰ ਸਿੰਘ, ਜਤਿੰਦਰ ਕੌਰ, ਮਨੀਸ਼ਵਰ ਸ਼ਰਮਾ, ਅਮਰਦੀਪ ਸਿੰਘ, ਜਸਬੀਰ ਚੰਦ, ਹਰਨੇਕ ਸਿੰਘ, ਅਵਧੇਸ਼ ਸੈਦੋਵਾਲ ਤੇ ਪੰਕਜ ਧੀਰ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ। ਆਗੂਆਂ ਨੇ ਦੱਸਿਆ ਕਿ ਡੀਟੀਐੱਫ ਦੀ ਅਗਵਾਈ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬੀਤੇ ਦਿਨ 253 ਅਧਿਆਪਕਾਂ ਦੇ ਹੱਕ ਵਿੱਚ ਰੋਸ ਪ੍ਰੋਗਰਾਮ ਕੀਤੇ ਗਏ ਸਨ, ਜਿਹੜੇ ਜ਼ਿਲ੍ਹੇ ਕਿਸੇ ਕਾਰਨ ਕੱਲ੍ਹ ਪ੍ਰੋਗਰਾਮ ਨਹੀਂ ਕਰ ਸਕੇ, ਉਨ੍ਹਾਂ ਵਿੱਚ ਅੱਜ ਰੋਸ ਪ੍ਰਦਰਸ਼ਨ ਕੀਤੇ ਗਏ ਹਨ। ਅੰਤ ਵਿੱਚ ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਹੀ ਥੋੜ੍ਹੇ ਸਮੇਂ ਅੰਦਰ ਅਗਲੇ ਸੰਘਰਸ਼ੀ ਪ੍ਰੋਗਰਾਮ ਉਲੀਕੇ ਜਾਣਗੇ ਤੇ ਇਸ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। 253 ਅਧਿਆਪਕਾਂ ਦੀ ਨੌਕਰੀ ਦੀ ਬਹਾਲੀ ਤੇ ਇਨਸਾਫ਼ ਦੀ ਪ੍ਰਾਪਤੀ ਤੱਕ ਡੀਟੀਐੱਫ ਕਪੂਰਥਲਾ ਅਧਿਆਪਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਰਹੇਗੀ।