ਅਧਿਆਪਕਾਂ ਦੀਆਂ ਰਾਸ਼ਨ ਕਾਰਡ ਸਬੰਧੀ ਡਿਊਟੀਆਂ ਤੁਰੰਤ ਕੱਟੀਆਂ ਜਾਣ : ਡੀਟੀਐੱਫ ਅਧਿਆਪਕਾਂ ਦੀਆਂ ਰਾਸ਼ਨ ਕਾਰਡ ਸਬੰਧੀ ਡਿਊਟੀਆਂ ਤੁਰੰਤ ਕੱਟੀਆਂ ਜਾਣ - ਡੀ. ਟੀ. ਐੱਫ
Publish Date: Tue, 22 Sep 2026 07:20 PM (IST)
Updated Date: Tue, 22 Sep 2026 07:21 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਦੀ ਇਕਾਈ ਫਗਵਾੜਾ ਦੇ ਆਗੂਆਂ ਗੁਰਮੁਖ ਲੋਕਪ੍ਰੇਮੀ, ਜਤਿੰਦਰ ਕੁਮਾਰ ਜੇਕੇ, ਮਲਕੀਤ ਸਿੰਘ, ਹਰਜਿੰਦਰ ਨਿਆਣਾ, ਸਤਨਾਮ ਪਰਮਾਰ, ਸੁਰਿੰਦਰ ਰਾਮ ਆਦਿ ਨੇ ਦੱਸਿਆ ਕਿ ਹਾਲ ਹੀ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਇੱਕ ਪੱਤਰ ਜਾਰੀ ਕਰਕੇ ਕੁਝ ਅਧਿਆਪਕਾਂ ਦੀਆਂ ਰਾਸ਼ਨ ਕਾਰਡ ਸੁਧਾਈ ਦੀਆਂ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਜਦਕਿ ਪਹਿਲਾਂ ਤੋਂ ਹੀ ਅਧਿਆਪਕ ਗ਼ੈਰ-ਵਿੱਦਿਅਕ ਡਿਊਟੀਆਂ ਦੇ ਝੰਬੇ ਹੋਏ ਹਨ। ਇਸ ਚਾਲੂ ਵਿੱਦਿਅਕ ਵਰੇ ਦੇ ਸ਼ੁਰੂ ਤੋਂ ਹੀ ਡਿਊਟੀਆਂ ਦੀ ਭਰਮਾਰ ਰਹੀ ਹੈ। ਜਨਗਣਨਾ, ਨਸ਼ੇ ਸਬੰਧੀ ਸਰਵੇ, ਐੱਸਆਈਆਰ ਤੇ ਹੋਰ ਕਈ ਤਰ੍ਹਾਂ ਦੇ ਗ਼ੈਰ-ਵਿੱਦਿਅਕ ਕੰਮਾਂ ਨੇ ਅਧਿਆਪਕਾਂ ਨੂੰ ਵਿਦਿਆਰਥੀ ਦੇ ਨੇੜੇ ਹੀ ਨਹੀਂ ਜਾਣ ਦਿੱਤਾ। ਇਸ ਮਾਹੌਲ਼ ਵਿੱਚ ਹੁਣ ਰਾਸ਼ਨ ਕਾਰਡਾਂ ਦਾ ਕੰਮ ਵੀ ਅਧਿਆਪਕਾਂ ਤੋਂ ਕਰਾਉਣਾ ਬਹੁਤ ਮੰਦਭਾਗਾ ਹੈ। ਆਗੂਆਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਯੂਨੀਅਨਾਂ ਨੇ ਸਮੂਹਿਕ ਰੂਪ ਵਿੱਚ ਆਪਣੇ ਦਫਤਰਾਂ ਨੂੰ ਸੂਚਿਤ ਕਰਕੇ ਪਹਿਲਾਂ ਹੀ ਗ਼ੈਰ-ਵਿੱਦਿਅਕ ਕੰਮਾਂ ਦਾ ਬਾਈਕਾਟ ਕੀਤਾ ਹੋਇਆ ਹੈ ਤੇ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਪਾਸੋਂ ਇਹ ਕੰਮ ਨਾ ਲੈਣ ਬਾਰੇ ਟਿੱਪਣੀ ਵੀ ਖ਼ਬਰ ਦੇ ਰੂਪ ਵਿੱਚ ਸਾਹਮਣੇ ਆਈ ਹੈ। ਆਗੂਆਂ ਨੇ ਕਿਹਾ ਕਿ ਹਾਲਾਤਾਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਤੁਰੰਤ ਅਧਿਆਪਕਾਂ ਦੀਆਂ ਇਹ ਡਿਊਟੀਆਂ ਕੱਟ ਦੇਣੀਆਂ ਚਾਹੀਦੀਆਂ ਹਨ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਜਥੇਬੰਦੀਆਂ ਬੱਝਵੇਂ ਰੂਪ ਵਿੱਚ ਆਵਾਜ਼ ਬੁਲੰਦ ਕਰਨਗੀਆਂ। ਇਸ ਮੌਕੇ ਪਵਨ ਕੁਮਾਰ, ਲਖਵਿੰਦਰ ਸਿੰਘ, ਸੁਖਜੀਤ ਸਿੰਘ ਆਦਿ ਅਧਿਆਪਕ ਵੀ ਹਾਜ਼ਰ ਸਨ।