ਰਾਮਗੜ੍ਹੀਆ ਕਾਲਜ’ਚ ਅਧਿਆਪਕ ਦਿਵਸ ਮਨਾਇਆ ਰਾਮਗੜ੍ਹੀਆ ਕਾਲਜ, ਫਗਵਾੜਾ ਵਿਖੇ ਅਧਿਆਪਕ ਦਿਵਸ ਗੌਰਵਮਈ ਢੰਗ ਨਾਲ ਮਨਾਇਆ ਗਿਆ
Publish Date: Sun, 06 Sep 2026 07:31 PM (IST)
Updated Date: Sun, 06 Sep 2026 07:34 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਰਾਮਗੜ੍ਹੀਆ ਕਾਲਜ, ਫਗਵਾੜਾ ਵਿਖੇ ਅਧਿਆਪਕ ਦਿਵਸ ਸ਼ਰਧਾ, ਸਤਿਕਾਰ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਹ ਸਮਾਗਮ ਭਾਰਤ ਦੇ ਮਹਾਨ ਦਾਰਸ਼ਨਿਕ, ਪ੍ਰਸਿੱਧ ਸਿੱਖਿਆ ਸ਼ਾਸਤਰੀ ਤੇ ਸਾਬਕਾ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੀ ਜਨਮ ਜਯੰਤੀ ਨੂੰ ਸਮਰਪਿਤ ਸੀ। ਇਸ ਸਮਾਗਮ ਦੌਰਾਨ ਕਾਲਜ ਦੇ ਪ੍ਰਿੰਸੀਪਲ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਭਾਰਤ ਦੇ ਪਹਿਲੇ ਰਾਸ਼ਟਰਪਤੀ ਤੇ ਮਹਾਨ ਸਿੱਖਿਆ ਸ਼ਾਸਤਰੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਯਾਦ ਕਰਦਿਆਂ ਅਧਿਆਪਕ ਦੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਤੇ ਚਾਨਣਾ ਪਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾ. ਵੰਦਨਾ ਬੰਸਲ ਨੇ ਸਮੂਹ ਅਧਿਆਪਕ ਵਰਗ ਨੂੰ ਅਧਿਆਪਕ ਦਿਵਸ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਅਧਿਆਪਕ ਕੇਵਲ ਗਿਆਨ ਦਾ ਸੰਚਾਰਕ ਹੀ ਨਹੀਂ, ਸਗੋਂ ਚੰਗੇ ਚਰਿੱਤਰ, ਉੱਚੇ ਆਦਰਸ਼ਾਂ ਤੇ ਜ਼ਿੰਮੇਵਾਰ ਨਾਗਰਿਕਾਂ ਦਾ ਨਿਰਮਾਤਾ ਵੀ ਹੁੰਦਾ ਹੈ। ਇਸ ਮੌਕੇ ਪ੍ਰੋ. ਰਾਜਵਿੰਦਰ ਕੌਰ (ਵਾਈਸ ਪ੍ਰਿੰਸੀਪਲ), ਪ੍ਰੋ. ਰਾਜ ਕੁਮਾਰ ਤੇ ਡਾ. ਜਸਕਰਨ ਸਿੰਘ ਨੇ ਵੀ ਅਧਿਆਪਕ-ਵਿਦਿਆਰਥੀ ਸੰਬੰਧਾਂ ਦੀ ਮਹੱਤਤਾ ’ਤੇ ਚਾਨਣਾ ਪਾਇਆ। ਵਿਦਿਆਰਥੀਆਂ ਵੱਲੋਂ ਵੀ ਅਧਿਆਪਕਾਂ ਪ੍ਰਤੀ ਡੂੰਘੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ। ਲਵਪ੍ਰੀਤ ਕੌਰ (ਐੱਮਏ ਪੰਜਾਬੀ), ਅੰਕਿਤ ਤੇ ਨੰਦਿਨੀ (ਬੀਏ ਭਾਗ ਤੀਜਾ), ਨਿਖਿਲ ਤੇ ਮਾਰਕਸ ਕੈਲੇ (ਬੀਏ ਭਾਗ ਪਹਿਲਾ) ਆਦਿ ਨੇ ਆਪਣੇ ਸੰਬੋਧਨਾਂ ਰਾਹੀਂ ਅਧਿਆਪਕਾਂ ਨੂੰ ਜੀਵਨ ਦੇ ਸੱਚੇ ਮਾਰਗਦਰਸ਼ਕ ਦੱਸਦਿਆਂ ਉਨ੍ਹਾਂ ਦੇ ਅਥਾਹ ਯੋਗਦਾਨ ਲਈ ਧੰਨਵਾਦ ਪ੍ਰਗਟ ਕੀਤਾ। ਕਾਲਜ ਦੀ ਪ੍ਰਧਾਨ ਮੈਡਮ ਮਨਪ੍ਰੀਤ ਕੌਰ ਭੋਗਲ ਨੇ ਕਿਹਾ ਕਿ ਅਧਿਆਪਕ ਸਮਾਜ ਦੀ ਉਹ ਅਨਮੋਲ ਧਰੋਹਰ ਹਨ ਜੋ ਗਿਆਨ, ਸੰਸਕਾਰ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਜੋਤ ਨੂੰ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਵੰਦਨਾ ਬੰਸਲ ਨੇ ਸਾਰੇ ਅਧਿਆਪਕਾਂ ਦਾ ਮਾਣ ਸਤਿਕਾਰ ਕਰਦਿਆਂ ਉਨ੍ਹਾਂ ਨੂੰ ਸਨਮਾਨਤ ਕੀਤਾ। ਇਸ ਮੌਕੇ ਡਾ. ਕੁਲਵੀਰ ਕੌਰ, ਪ੍ਰੋ. ਰਾਜਵਿੰਦਰ ਕੌਰ ਮਿਨਹਾਸ, ਪ੍ਰੋ. ਅਰਪਨਦੀਪ ਕੌਰ, ਪ੍ਰੋ. ਪੂਜਾ, ਪ੍ਰੋ. ਮਨਦੀਪ ਕੌਰ, ਪ੍ਰੋ. ਹਰੀਸ਼ ਕੁਮਾਰ, ਪ੍ਰੋ. ਗੁਰਬਖ਼ਸ਼ ਕੌਰ ਆਦਿ ਸ਼ਾਮਿਲ ਰਹੇ।