- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਅਤੇ ਸਵੱਛਤਾ ਅਭਿਆਨ ਸੋਸਾਇਟੀ ਵੱਲੋਂ ਅਧਿਆਪਕ ਦਿਵਸ ਸਮਾਗਮ; 13 ਅਧਿਆਪਕ ਸਨਮਾਨਿਤ

ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਤੇ ਸਵੱਛਤਾ ਅਭਿਆਨ ਸੋਸਾਇਟੀ ਨੇ ਕੀਤਾ ਉਪਰਾਲਾ
ਅਧਿਆਪਕ ਦਿਵਸ ’ਤੇ ਕਰਵਾਇਆ ਗਿਆ ਸਮਾਗਮ
ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਸ਼੍ਰੀ ਗੀਤਾ ਭਵਨ ਕੋਚਿੰਗ ਸੈਂਟਰ ਤੇ ਸਵੱਛਤਾ ਅਭਿਆਨ ਸੋਸਾਇਟੀ ਰਜਿ. ਫਗਵਾੜਾ ਵੱਲੋਂ ਅਧਿਆਪਕ ਦਿਵਸ ਦੇ ਮੌਕੇ ’ਤੇ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਪ੍ਰਵਾਸੀ ਭਾਰਤੀ ਦੇਵੀ ਸ਼ਾਰਦਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਪੰਡਿਤ ਦੇਵੀ ਰਾਮ ਸ਼ਰਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਇਸ ਮੌਕੇ ਸਿੱਖਿਆ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ 13 ਅਧਿਆਪਕਾਂ ਨੂੰ ਦੁਸ਼ਾਲੇ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ। ਸਮਾਗਮ ਦੀ ਸ਼ੁਰੂਆਤ ਕਨਿਕਾ ਤੇ ਅਨੰਨਿਆ ਵੱਲੋਂ ਪੇਸ਼ ਕੀਤੇ ਭਜਨ ਨਾਲ ਹੋਈ। ਸਮਾਗਮ ਨੂੰ ਸੰਬੋਧਨ ਕਰਦਿਆਂ ਮਦਨ ਮੋਹਨ ਖੱਟਰ ਨੇ ਕਿਹਾ ਕਿ ਅਧਿਆਪਕ ਸਮਾਜ ਦੇ ਨਿਰਮਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਗੁਰੂ ਦੇ ਸਮਾਨ ਸਤਿਕਾਰ ਦਿੰਦੇ ਸਨ ਤੇ ਉਨ੍ਹਾਂ ਦੇ ਮਾਰਗਦਰਸ਼ਨ ਨੂੰ ਜੀਵਨ ਵਿੱਚ ਵਿਸ਼ੇਸ਼ ਮਹੱਤਵ ਦਿੰਦੇ ਸਨ, ਪਰ ਅਜੋਕੇ ਸਮੇਂ ਵਿੱਚ ਅਧਿਆਪਕਾਂ ਪ੍ਰਤੀ ਉਹ ਸਤਿਕਾਰ ਕੁਝ ਘੱਟ ਹੋਇਆ ਹੈ।
ਸਵੱਛਤਾ ਅਭਿਆਨ ਸੋਸਾਇਟੀ ਫਗਵਾੜਾ ਰਜਿ. ਦੇ ਪ੍ਰਧਾਨ ਆਸ਼ੀਸ਼ ਗਾਂਧੀ ਨੇ ਕਿਹਾ ਕਿ ਅਧਿਆਪਕ ਕਿਸੇ ਵੀ ਸਮਾਜ ਤੇ ਰਾਸ਼ਟਰ ਦੀ ਅਸਲ ਤਾਕਤ ਹੁੰਦੇ ਹਨ। ਅਧਿਆਪਕ ਵੱਲੋਂ ਵਿਦਿਆਰਥੀ ਨੂੰ ਦਿੱਤੇ ਸੰਸਕਾਰ, ਸਿੱਖਿਆ ਤੇ ਸਹੀ ਦਿਸ਼ਾ ਦਾ ਪ੍ਰਭਾਵ ਉਸ ਦੇ ਪੂਰੇ ਜੀਵਨ ’ਤੇ ਪੈਂਦਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਕੇਵਲ ਸਨਮਾਨ ਕਰਨ ਦਾ ਦਿਨ ਨਹੀਂ, ਸਗੋਂ ਅਧਿਆਪਕਾਂ ਦੇ ਅਮੁੱਲ ਯੋਗਦਾਨ ਪ੍ਰਤੀ ਧੰਨਵਾਦ ਪ੍ਰਗਟ ਕਰਨ ਦਾ ਮੌਕਾ ਵੀ ਹੈ। ਪੰਡਿਤ ਦੇਵੀ ਰਾਮ ਸ਼ਰਮਾ ਜੀ ਨੇ ਕਿਹਾ ਕਿ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਨੂੰ ਹਮੇਸ਼ਾ ਸਰਵਉੱਚ ਸਥਾਨ ਦਿੱਤਾ ਗਿਆ ਹੈ। ਗੁਰੂ ਸਿਰਫ਼ ਗਿਆਨ ਦੇਣ ਵਾਲਾ ਨਹੀਂ, ਸਗੋਂ ਵਿਦਿਆਰਥੀ ਦੇ ਜੀਵਨ ਨੂੰ ਸਹੀ ਦਿਸ਼ਾ ਦੇਣ ਤੇ ਉਸ ਦੇ ਚਰਿੱਤਰ ਦਾ ਨਿਰਮਾਣ ਕਰਨ ਵਾਲਾ ਹੁੰਦਾ ਹੈ।
ਸਮਾਗਮ ਦੌਰਾਨ ਪੰਡਿਤ ਦੇਵੀ ਰਾਮ ਸ਼ਰਮਾ, ਸੁਸ਼ੀਲ ਵਰਮਾ, ਪ੍ਰਿੰਸੀਪਲ ਰਜਨੀ ਗੁਪਤਾ, ਸੀਮਾ ਰਾਣੀ, ਖੁਸ਼ਬੂ, ਲਕਸ਼ ਭੱਲਾ, ਰਾਜਨ ਚੋਪੜਾ, ਆਸ਼ੀਸ਼ ਗਾਂਧੀ, ਰਾਜਰਾਣੀ ਸ਼ਰਮਾ, ਕ੍ਰਿਤਿਕਾ, ਵੇਣੁਕਾ ਸ਼ਰਮਾ, ਪਵਨ ਕੁਮਾਰ ਤੇ ਮਦਨ ਮੋਹਨ ਖੱਟਰ ਨੂੰ ਦੁਸ਼ਾਲੇ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਤ ਕੀਤਾ ਗਿਆ। ਮੰਚ ਸੰਚਾਲਨ ਨੈਂਸੀ ਨੇ ਬਾਖੂਬੀ ਕੀਤਾ ਤੇ ਆਪਣੀ ਪ੍ਰਭਾਵਸ਼ਾਲੀ ਐਂਕਰਿੰਗ ਨਾਲ ਸਮਾਗਮ ਨੂੰ ਸੁਚੱਜਾ ਬਣਾਈ ਰੱਖਿਆ। ਇਸ ਮੌਕੇ ਪੰਡਿਤ ਦੇਵੀ ਰਾਮ ਸ਼ਰਮਾ ਦਾ ਜਨਮਦਿਨ ਵੀ ਕੇਕ ਕੱਟ ਕੇ ਮਨਾਇਆ ਗਿਆ ਤੇ ਹਾਜ਼ਰ ਮਹਿਮਾਨਾਂ ਤੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ। ਸਮਾਗਮ ਵਿੱਚ ਸਵੱਛਤਾ ਅਭਿਆਨ ਸੋਸਾਇਟੀ ਦੇ ਸੀਨੀਅਰ ਅਹੁਦੇਦਾਰ ਰਮਨ ਨੇਹਰਾ, ਸ਼ਿਵ ਕੋੜਾ, ਰਵਿੰਦਰ ਸਿੰਘ ਪਨੇਸਰ, ਹਰਦੀਪ ਕੌਰ, ਨੀਰਜ ਕੁਮਾਰ, ਅਰੁਣ ਸ਼ਰਮਾ, ਜਸਮੀਤ, ਤਨਰੂਪ ਸਮੇਤ ਹੋਰ ਮੈਂਬਰ ਤੇ ਪਤਵੰਤੇ ਹਾਜ਼ਰ ਸਨ।