ਜੀਡੀਆਸਕੂਲ ’ਚ ਮਨਾਇਆ ਗਿਆ ਅਧਿਆਪਕ ਦਿਵਸ ਜੀ.ਡੀ.ਆਰ. ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿੱਚ ਮਨਾਇਆ ਗਿਆ ਅਧਿਆਪਕ ਦਿਵਸ
Publish Date: Sat, 05 Sep 2026 06:54 PM (IST)
Updated Date: Sat, 05 Sep 2026 06:55 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਜੀਡੀਆਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ, ਹੁਸ਼ਿਆਰਪੁਰ ਰੋਡ, ਫਗਵਾੜਾ ਵਿਖੇ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਅਧਿਆਪਕ ਦਿਵਸ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਵਿਸ਼ੇਸ਼ ਸਮਾਗਮ ਦੀ ਰੂਪ-ਰੇਖਾ ਵਿਦਿਆਰਥੀਆਂ ਵੱਲੋਂ ਖ਼ੁਦ ਤਿਆਰ ਕੀਤੀ ਗਈ। ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਦਸਵੀਂ ਜਮਾਤ ਦੀ ਵਿਦਿਆਰਥਣ ਜਸਮੀਤ ਕੌਰ ਨੇ ਅਧਿਆਪਕ ਦਿਵਸ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਧਿਆਪਕ ਸਾਡੀ ਜ਼ਿੰਦਗੀ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਹ ਸਮਾਜ ਦੇ ਥੰਮ੍ਹ ਹਨ, ਜੋ ਵਿਦਿਆਰਥੀਆਂ ਨੂੰ ਸਹੀ ਦਿਸ਼ਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਸਿੱਖਿਆ ਤੇ ਜੀਵਨ-ਮੁੱਲ ਪ੍ਰਦਾਨ ਕਰਦੇ ਹਨ ਤੇ ਇੱਕ ਸਫਲ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਹਨ। ਇਸ ਮੌਕੇ ਕਈ ਵਿਦਿਆਰਥੀਆਂ ਨੇ ਕਵਿਤਾਵਾਂ ਪੇਸ਼ ਕਰਕੇ ਆਪਣੇ ਅਧਿਆਪਕਾਂ ਪ੍ਰਤੀ ਸਤਿਕਾਰ, ਪਿਆਰ ਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਗਰੁੱਪ ਗੀਤ ਵਿਸ਼ੇਸ਼ ਖਿੱਚ ਦਾ ਕੇਂਦਰ ਰਿਹਾ। ਇਸੇ ਦੌਰਾਨ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਅਮ੍ਰਿਤਦੀਪ ਸਿੰਘ ਨੇ ਆਪਣੀ ਕਵਿਤਾ ਰਾਹੀਂ ਸਭ ਦਾ ਮਨ ਮੋਹ ਲਿਆ। ਸਮਾਗਮ ਦੌਰਾਨ ਕੇਕ ਕੱਟਣ ਦੀ ਰਸਮ ਵੀ ਅਦਾ ਕੀਤੀ ਗਈ। ਸਕੂਲ ਦੇ ਪ੍ਰਿੰਸੀਪਲ ਮਾਧਵੀ ਜੀ ਤੇ ਸਮੂਹ ਸਟਾਫ਼ ਨੇ ਮਿਲ ਕੇ ਕੇਕ ਕੱਟਿਆ। ਮੰਚ ਸੰਚਾਲਨ ਪ੍ਰਭਪੁਨੀਤ ਕੌਰ ਤੇ ਕਿਰਨਦੀਪ ਕੌਰ ਨੇ ਕੀਤਾ। ਇਸ ਮੌਕੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਤੇ ਸਮੂਹ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਬਹੁਤ ਹੀ ਪਵਿੱਤਰ ਤੇ ਅਟੁੱਟ ਹੁੰਦਾ ਹੈ। ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਸਿਰਜਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।