ਮਿਡ-ਡੇ ਮੀਲ ਫੰਡ ਨਾ ਪਹੁੰਚਣ ਕਾਰਣ ਅਧਿਆਪਕ ਪਰੇਸ਼ਾਨ ਮਿਡ-ਡੇ ਮੀਲ ਦੇ ਫੰਡ ਸਕੂਲਾਂ ਤੱਕ ਨਾ ਪਹੁੰਚਣ ਕਾਰਣ ਅਧਿਆਪਕ ਡਾਢੇ ਪਰੇਸਾਨ
Publish Date: Mon, 07 Sep 2026 09:42 PM (IST)
Updated Date: Mon, 07 Sep 2026 09:43 PM (IST)
ਜੀਐੱਸਟੀ ਦੇ ਬਿੱਲ ਨਾ ਹੋਣ ਕਾਰਨ ਅਦਾਇਗੀਆਂ ਰੁਕੀਆਂ ਜੇਕਰ ਜਲਦ ਅਦਾਇਗੀ ਨਹੀਂ ਹੋਈ ਤਾਂ ਮਿੱਡ ਡੇ ਮੀਲ ਹੋਵੇਗਾ ਬੰਦ ਕੁਲਬੀਰ ਸਿੰਘ ਮਿੰਟੂ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਮਾਰਚ 2026 ਤੋਂ ਬਾਅਦ ਮਿਡ-ਡੇ ਮੀਲ ਦੇ ਫੰਡ ਸਕੂਲਾਂ ਤੱਕ ਨਹੀਂ ਪਹੁੰਚੇ। ਲਗਭਗ ਛੇ ਮਹੀਨਿਆਂ ਤੋਂ ਅਧਿਆਪਕ ਆਪਣੀਆਂ ਜੇਬਾਂ ਵਿੱਚੋਂ ਪੈਸੇ ਖਰਚ ਕਰਕੇ ਬੱਚਿਆਂ ਲਈ ਰਾਸ਼ਨ ਲਿਆ ਰਹੇ ਹਨ। ਕਈ ਸਕੂਲਾਂ ਦਾ ਰਾਸ਼ਨ ਦੁਕਾਨਦਾਰਾਂ ਤੋਂ ਉਧਾਰ ਆ ਰਿਹਾ ਸੀ, ਪਰ ਹੁਣ ਦੁਕਾਨਦਾਰਾਂ ਨੇ ਵੀ ਉਧਾਰ ਦੇਣਾ ਬੰਦ ਕਰ ਦਿੱਤਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾਈ ਆਗੂ ਰਸ਼ਪਾਲ ਸਿੰਘ ਵੜੈਚ, ਜ਼ਿਲ੍ਹਾ ਪ੍ਰਧਾਨ ਸੁਖਚੈਨ ਸਿੰਘ ਬੱਧਣ, ਗੁਰਮੇਜ ਸਿੰਘ ਤਲਵੰਡੀ ਚੌਧਰੀਆਂ ਨੇ ਇੱਕ ਪ੍ਰੈਸ ਬਿਆਨ ਦੌਰਾਨ ਕੀਤਾ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪੋਰਟਲ ਤਹਿਤ ਲਾਗੂ ਕੀਤੇ ਨਵੇਂ ਨਿਯਮਾਂ ਨੇ ਡਾਟਾ ਮੁਸ਼ਕਿਲ ਵਿੱਚ ਪਾ ਦਿੱਤਾ ਹੈ। ਨਵੇਂ ਪ੍ਰਬੰਧ ਤਹਿਤ ਬਿਨਾਂ ਜੀਐੱਸਟੀ ਨੰਬਰ ਵਾਲੇ ਵੈਂਡਰ ਨੂੰ ਪੇਰੈਂਟ ਤੋਂ ਐਡ ਕਰਨ ਵਿੱਚ ਆ ਰਹੀ ਦਿੱਕਤ ਕਾਰਨ, ਖਾਸ ਕਰਕੇ ਪਿੰਡਾਂ ਦੇ ਸਕੂਲਾਂ ਵਿੱਚ ਮਿਡ-ਡੇ ਮੀਲ ਲਈ ਲੋੜੀਂਦੇ ਸਾਮਾਨ ਦੀ ਖਰੀਦ ਤੇ ਅਦਾਇਗੀ ਦਾ ਮਾਮਲਾ ਉਲਝ ਗਿਆ ਹੈ। ਪਿੰਡਾਂ ਦੇ ਸਕੂਲਾਂ ਚ ਕਰਿਆਨਾ, ਸਬਜ਼ੀਆਂ, ਦੁੱਧ, ਦਹੀਂ ਤੇ ਬਾਲਣ ਆਦਿ ਸਮਾਨ ਛੋਟੇ ਦੁਕਾਨਦਾਰਾਂ ਤੋਂ ਖਰੀਦਿਆ ਜਾਂਦਾ ਹੈ। ਜੋ ਜੀਐੱਸਟੀ ਰਜਿਸਟਰਡ ਨਹੀਂ ਹਨ। ਅਧਿਆਪਕਾਂ ਦਾ ਸਵਾਲ ਹੈ ਕਿ ਕੀ ਹੁਣ ਬੱਚਿਆਂ ਦੇ ਖਾਣੇ ਲਈ ਸਥਾਨਕ ਬਾਜ਼ਾਰ ਛੱਡ ਕੇ ਸ਼ਹਿਰਾਂ ਚ ਜੀਐੱਸਟੀ ਵਾਲੇ ਵੈਂਡਰ ਲੱਭਣ ਜਾਣਾ ਪਵੇਗਾ? ਇਸ ਨਾਲ ਆਵਾਜਾਈ ਦਾ ਖਰਚਾ ਤੇ ਸਮਾਂ ਦੋਵੇਂ ਬਰਬਾਦ ਹੋਣਗੇ। ਇਸ ਮਾਮਲੇ ਦਾ ਗੰਭੀਰ ਪੱਖ ਇਹ ਹੈ ਕਿ ਪਿਛਲੇ ਕਰੀਬ 3 ਮਹੀਨਿਆਂ ਤੋਂ ਮਿਡ-ਡੇ ਮੀਲ ਦੀਆਂ ਅਦਾਇਗੀਆਂ ਲਟਕੀਆਂ ਹੋਈਆਂ ਹਨ। ਬੱਚਿਆਂ ਦਾ ਖਾਣਾ ਬੰਦ ਨਾ ਹੋਵੇ, ਇਸ ਲਈ ਕਈ ਅਧਿਆਪਕ ਆਪਣੀ ਜੇਬ ਵਿੱਚੋਂ 30 ਤੋਂ 50 ਹਜ਼ਾਰ ਰੁਪਏ ਤੱਕ ਖਰਚ ਕਰ ਚੁੱਕੇ ਹਨ। ਦੂਸਰੇ ਪਾਸੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕਪੂਰਥਲਾ ਅਤੇ ਸਮੂਹ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਜ਼ਿਲ੍ਹਾ ਕਪੂਰਥਲਾ ਨੇ ਅਧਿਆਪਕਾਂ ਨੂੰ ਜਲਦੀ ਤੋਂ ਜਲਦੀ ਬਿੱਲ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਲਈ ਕਹਿ ਰਹੇ ਹਨ, ਜਿਸ ਨਾਲ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹੇ ਦੇ ਵੱਡੀ ਗਿਣਤੀ ਸਕੂਲ ਪਿੰਡਾਂ ’ਚ ਹਨ, ਜਿਸ ਵੈਂਡਰ ਕੋਲੋਂ ਰਾਸ਼ਨ ਖਰੀਦਿਆ ਜਾਣਾ ਹੈ ਉਸ ਕੋਲ ਜੀਐੱਸਟੀ ਦਾ ਨੰਬਰ ਨਹੀਂ ਹੈ। ਆਗੂਆਂ ਨੇ ਕਿਹਾ ਕਿ ਜੇਕਰ ਇਸ ਸਬੰਧੀ ਰਾਸ਼ੀ ਜਲਦ ਸੌਖਾਲੇ ਢੰਗ ਨਾਲ ਜਾਰੀ ਨਾ ਕੀਤੀ ਗਈ ਤਾਂ ਜਲਦ ਹੀ ਮਿਡ ਡੇ ਮੀਲ ਸਮੂਹ ਸਕੂਲਾਂ ਵਿੱਚ ਬੰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਗੁਰਮੇਜ ਸਿੰਘ ਤਲਵੰਡੀ ਚੌਧਰੀਆਂ, ਸੁਖਵਿੰਦਰ ਸਿੰਘ, ਸਿੰਦਰ ਸਿੰਘ, ਅਮਨਦੀਪ ਸਿੰਘ ਖਿੰਡਾ, ਅਵਤਾਰ ਸਿੰਘ ਹੈਬਤਪੁਰ, ਅਸ਼ਵਨੀ ਕੁਮਾਰ, ਯਾਦਵਿੰਦਰ ਸਿੰਘ, ਪੰਕਜ ਮਰਵਾਹਾ, ਜਸਵਿੰਦਰ ਸਿੰਘ ਸਿਕਾਰਪੁਰ, ਜਸਵੀਰ ਸਿੰਘ ਚੀਮਾ,ਅੰਮ੍ਰਿਤਪਾਲ ਸਿੰਘ, ਸੁਖਦੇਵ ਸਿੰਘ ਬੂਲਪੁਰ, ਸੁਖਨਿੰਦਰ ਸਿੰਘ, ਗੁਰਪ੍ਰੀਤ ਸਿੰਘ, ਤਜਿੰਦਰ ਸਿੰਘ, ਯੋਗੇਸ਼ ਸੋਰੀ, ਜਗਮੋਹਨ ਸਿੰਘ, ਆਦਿ ਅਧਿਆਪਕ ਆਗੂ ਹਾਜ਼ਰ ਸਨ।