ਸਰਕਾਰੀ ਹਸਪਤਾਲਾਂ 'ਚ ਟੀ.ਬੀ ਦਾ ਕੀਤਾ ਜਾਂਦਾ ਮੁਫਤ ਇਲਾਜ : ਸਿਵਲ ਸਰਜਨ

--ਜਾਗਰੂਕਤਾ ਤੇ ਜਨ ਭਾਈਵਾਲੀ ਨਾਲ ਹੋਵੇਗਾ ਟੀਬੀ ਖਾਤਮਾ
--ਵਿਸ਼ਵ ਟੀਬੀ ਦਿਵਸ ਦੇ ਮੌਕੇ ‘ਤੇ ਲੋਕਾਂ ਨੂੰ ਬਿਮਾਰੀ ਪ੍ਰਤੀ ਕੀਤਾ ਜਾਗਰੂਕ
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਵਿਸ਼ਵ ਟੀਬੀ ਦਿਵਸ ਦੇ ਮੌਕੇ ‘ਤੇ ਸਿਵਲ ਸਰਜਨ ਡਾ. ਸੰਜੀਵ ਭਗਤ ਤੇ ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੂਹੀ ਗਾਂਧੀ ਵੱਲੋਂ ਸਿਵਲ ਹਸਪਤਾਲ ਵਿਖੇ ਲੋਕਾਂ ਨੂੰ ਟੀਬੀ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਗਿਆ। ਸਿਵਲ ਸਰਜਨ ਡਾ. ਸੰਜੀਵ ਭਗਤ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਿਹਤ ਕੇਂਦਰਾਂ ਵਿਚ ਵਿਸ਼ਵ ਟੀਬੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਦੱਸਿਆ ਕਿ ਸਾਡੇ ਸਾਰੇ ਕੇਂਦਰਾਂ ਵਿਚ ਟੀਬੀ ਜਾਗਰੂਕਤਾ ਸਬੰਧੀ ਸੈਮੀਨਾਰ ਕਰਵਾਇਆ ਗਿਆ, ਇਹ ਸਰਕਾਰ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ। ਤਪਦਿਕ ਦੇ ਖਾਤਮੇ ਲਈ ਸਰਕਾਰ ਨੇ 2030 ਤੱਕ ਦੇਸ਼ ਨੂੰ ਟੀਬੀ ਮੁਕਤ ਬਣਾਉਣ ਦਾ ਟੀਚਾ ਮਿੱਥਿਆ ਹੈ ਤੇ ਇਸ ਨੂੰ ਪ੍ਰਾਪਤ ਕਰਨ ਲਈ ਇਕ ਲੋਕ ਲਹਿਰ ਦੀ ਲੋੜ ਹੈ, ਜਿਸ ਵਿਚ ਸਰਕਾਰ ਦੇ ਨਾਲ-ਨਾਲ ਆਮ ਲੋਕਾਂ ਦਾ ਵੀ ਸਹਿਯੋਗ ਜ਼ਰੂਰੀ ਹੈ। ਇਕ ਸਰਕਾਰੀ ਸੰਸਥਾ ਵਿਚ ਰਜਿਸਟਰਡ ਹਰੇਕ ਟੀਬੀ ਮਰੀਜ਼ ਨੂੰ 500 ਰੁਪਏ ਪੌਸ਼ਟਿਕ ਭੋਜਨ ਲਈ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਤਪਦਿਕ ਦੀ ਸਹੀ ਤੇ ਜਲਦੀ ਜਾਂਚ ਲਈ ਥੁੱਕ ਦੀ ਮੁਫ਼ਤ ਜਾਂਚ, ਛਾਤੀ ਦਾ ਐਕਸਰੇ, ਸੀਬੀ ਨੋਟ ਮਸ਼ੀਨ ਤੇ ਟਰੂਨੋਟ ਮਸ਼ੀਨ ਰਾਹੀਂ ਟੀਬੀ ਦੀ ਬਿਮਾਰੀ ਦਾ ਟੈਸਟ ਤੇ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ। ਜ਼ਿਲ੍ਹਾ ਟੀਬੀ ਅਫ਼ਸਰ ਡਾ. ਰੂਹੀ ਗਾਂਧੀ ਤੇ ਮੈਡੀਕਲ ਅਫ਼ਸਰ ਡਾਕਟਰ ਮੀਨਾਕਸ਼ੀ ਨੇ ਦੱਸਿਆ ਕਿ ਟੀਬੀ ਦਾ ਜਲਦੀ ਪਤਾ ਲਗਾ ਕੇ ਤੇ ਸਮੇਂ ਸਿਰ ਇਲਾਜ ਕਰਕੇ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਆਮ ਲੋਕਾਂ ਵਿਚ ਇਹ ਗਲਤ ਧਾਰਨਾ ਹੈ ਕਿ ਟੀਬੀ ਮੌਤ ਦਾ ਕਾਰਨ ਬਣਦੀ ਹੈ ਪਰ ਅਸਲ ਵਿਚ ਅਜਿਹਾ ਨਹੀਂ ਹੈ। ਸਮੇਂ ਸਿਰ ਜਾਂਚ ਤੇ ਇਲਾਜ ਇਸ ਬਿਮਾਰੀ ਤੋਂ 100 ਪ੍ਰਤੀਸ਼ਤ ਜਾਨਾਂ ਬਚਾ ਸਕਦਾ ਹੈ। ਉਨ੍ਹਾਂ ਬਿਮਾਰੀ ਦੇ ਲੱਛਣਾਂ ਬਾਰੇ ਦਸਿਆ ਕਿ ਲਗਾਤਾਰ 4 ਹਫ਼ਤਿਆਂ ਤੱਕ ਖੰਘ, ਥੁੱਕ ਵਿਚ ਖ਼ੂਨ ਆਉਣਾ, ਭਾਰ ਘਟਣਾ, ਰਾਤ ਨੂੰ ਹਲਕਾ ਬੁਖਾਰ, ਰਾਤ ਨੂੰ ਪਸੀਨਾ ਆਉਣਾ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਵਿਚ ਥੁੱਕ ਤੇ ਟੀਬੀ ਦੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ। ਜ਼ਿਕਰਯੋਗ ਹੈ ਕਿ ਅੱਜ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ, ਡੀਟੀਓ ਡਾ. ਰੂਹੀ ਗਾਂਧੀ ਤੇ ਮੈਡੀਕਲ ਅਫ਼ਸਰ ਡਾ. ਮੀਨਾਕਸ਼ੀ ਦੀ ਅਗਵਾਈ ਹੇਠ ਅੱਜ ਆਧੁਨਿਕ ਸਾਜ਼ੋ-ਸਮਾਨ ਨਾਲ ਲੈਸ ਐਂਬੂਲੈਂਸ ਨੂੰ ਹਰੀ ਝੰਡੀ ਦਿਖਾਕੇ ਕੇਂਦਰੀ ਜੇਲ੍ਹ ਕਪੂਰਥਲਾ ਵਿਖੇ ਕੈਦੀਆਂ ਦੀ ਟੀਬੀ ਦੀ ਸਕਰੀਨਿੰਗ ਕਰਨ ਲਈ ਰਵਾਨਾ ਕੀਤਾ ਗਿਆ। ਹੁਣ ਤੱਕ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ 1460 ਤੋਂ ਵੱਧ ਕੈਦੀਆਂ ਦੀ ਸਕਰੀਨਿੰਗ ਕੀਤੀ ਜਾ ਚੁੱਕੀ ਹੈ। ਇਸ ਮੌਕੇ ਏਸੀਐੱਸ ਡਾ. ਅੰਨੂ ਸ਼ਰਮਾ, ਡੀਐੱਫ਼ਪੀਓ ਡਾ. ਰਵਜੀਤ ਸਿੰਘ, ਡੀਆਈਓ ਡਾ. ਰਣਦੀਪ ਸਿੰਘ, ਡਿਪਟੀ ਮਾਸ ਮੀਡੀਆ ਅਫਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ, ਸੁਖਦਿਆਲ ਸਿੰਘ, ਬੀਸੀਸੀ ਜੋਤੀ ਅਨੰਦ, ਸਟੈਨੋ ਅਮਰੀਕ ਸਿੰਘ, ਪ੍ਰਿਯੰਕਾ ਸ਼ਰਮਾ, ਹਰਪ੍ਰੀਤ ਸਿੰਘ, ਅਵਤਾਰ ਸਿੰਘ, ਬਲਵਿੰਦਰ ਕੌਰ, ਹਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਟਾਫ਼ ਮੈਂਬਰ ਹਾਜ਼ਰ ਸਨ।