ਐੱਸਡੀ ਪਬਲਿਕ ਸਕੂਲ ’ਚ ਟੈਲੈਂਟ ਹੰਟ ਮੁਕਾਬਲੇ ਕਰਵਾਏ ਸੇਠ ਹੁਕਮ ਚੰਦ ਐੱਸ.ਡੀ. ਪਬਲਿਕ ਸਕੂਲ ਵਿੱਚ ਟੈਲੈਂਟ ਹੰਟ ਮੁਕਾਬਲੇ ਦਾ ਆਯੋਜਨ
Publish Date: Sat, 24 Oct 2026 07:18 PM (IST)
Updated Date: Sat, 24 Oct 2026 07:19 PM (IST)
ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੇਠ ਹੁਕਮ ਚੰਦ ਐੱਸਡੀ ਪਬਲਿਕ ਸਕੂਲ, ਅਰਬਨ ਅਸਟੇਟ, ਕਪੂਰਥਲਾ ਵਿੱਚ ਵਿਦਿਆਰਥੀਆਂ ਦੀ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ਨੂੰ ਵਧਾਉਣ ਦੇ ਉਦੇਸ਼ ਨਾਲ ਟੈਲੈਂਟ ਹੰਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਜਮਾਤ ਪਹਿਲੀ ਤੇ ਦੂਜੀ ਦੇ ਵਿਦਿਆਰਥੀਆਂ ਲਈ ਫੈਂਸੀ ਡਰੈੱਸ, ਕਠਪੁਤਲੀ ਸ਼ੋਅ ਤੇ ਕਵਿਤਾ ਉਚਾਰਨ ਵਰਗੀਆਂ ਗਤੀਵਿਧੀਆਂ ਰੱਖੀਆਂ ਗਈਆਂ। ਜਮਾਤ ਤੀਜੀ ਤੇ ਚੌਥੀ ਦੇ ਵਿਦਿਆਰਥੀਆਂ ਨੇ ਰਹਿੰਦ-ਖੂੰਹਦ ਤੋਂ ਉਪਯੋਗੀ ਵਸਤੂਆਂ ਬਣਾਉਣ, ਖ਼ਬਰਾਂ ਪੜ੍ਹਨ, ਆਵਾਜ਼ ਦੇ ਉਤਾਰ-ਚੜ੍ਹਾਅ ਨਾਲ ਕਹਾਣੀ ਸੁਣਾਉਣ ਤੇ ਬਿਨਾਂ ਅੱਗ ਦੇ ਖਾਣਾ ਬਣਾਉਣ ਵਰਗੀਆਂ ਗਤੀਵਿਧੀਆਂ ਵਿੱਚ ਆਪਣੀ ਸਿਰਜਣਾਤਮਕਤਾ ਦਾ ਪ੍ਰਦਰਸ਼ਨ ਕੀਤਾ। ਪੰਜਵੀਂ ਤੋਂ ਨੌਵੀਂ ਤੱਕ ਦੇ ਵਿਦਿਆਰਥੀਆਂ ਨੇ ਇਸ਼ਤਿਹਾਰ ਪੇਸ਼ਕਾਰੀ, ਨ੍ਰਿਤ, ਸੰਗੀਤਕ ਸਾਜ਼ ਵਜਾਉਣ, ਫ੍ਰੀਸਟਾਈਲ ਰੈਪਿੰਗ ਤੇ ਮਹਿੰਦੀ ਲਗਾਉਣ ਵਰਗੇ ਮੁਕਾਬਲਿਆਂ ਵਿੱਚ ਆਪਣੀ ਕਲਾ ਤੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਮੰਚ ਪ੍ਰਦਾਨ ਕਰਨਾ, ਉਨ੍ਹਾਂ ਦੀ ਸਿਰਜਣਾਤਮਕ ਸੋਚ ਨੂੰ ਉਤਸ਼ਾਹਿਤ ਕਰਨਾ ਤੇ ਉਨ੍ਹਾਂ ਵਿੱਚ ਆਤਮ-ਵਿਸ਼ਵਾਸ ਤੇ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਸੀ। ਸਕੂਲ ਦੇ ਮੈਨੇਜਰ ਪ੍ਰਵੀਨ ਦਾਦਾ ਨੇ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਸੋਨੀਆ ਜੈਰਥ ਨੇ ਬੱਚਿਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ। ਅਜਿਹੇ ਮੁਕਾਬਲੇ ਬੱਚਿਆਂ ਨੂੰ ਆਪਣੀਆਂ ਯੋਗਤਾਵਾਂ ਪਛਾਣਨ ਤੇ ਉਨ੍ਹਾਂ ਨੂੰ ਨਿਖਾਰਨ ਦਾ ਮੌਕਾ ਦਿੰਦੇ ਹਨ। ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।