ਅਕਾਲੀ ਦਲ ਦੀ ਮਜ਼ਬੂਤੀ ਲਈ ਟਕਸਾਲੀ ਆਗੂ ਦਿਲਬਾਗ ਸਿੰਘ ਗਿੱਲ ਹੋਏ ਸਰਗਰਮ ਅਕਾਲੀ ਦਲ ਦੀ ਮਜ਼ਬੂਤੀ ਲਈ ਟਕਸਾਲੀ ਆਗੂ ਦਿਲਬਾਗ ਸਿੰਘ ਗਿੱਲ ਨੇ ਸੰਭਾਲੀ ਸਰਗਰਮੀ
Publish Date: Tue, 25 Aug 2026 07:22 PM (IST)
Updated Date: Tue, 25 Aug 2026 07:24 PM (IST)
ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕਰਕੇ ਹਲਕਾ ਸੁਲਤਾਨਪੁਰ ਲੋਧੀ ਦੀ ਸਿਆਸੀ ਸਥਿਤੀ ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਬਾਰੇ ਕੀਤਾ ਵਿਚਾਰ-ਵਟਾਂਦਰਾ ਕੁਲਵਿੰਦਰ ਸਿੰਘ ਲਾਡੀ ਪੰਜਾਬੀ ਜਾਗਰਣ ਫੱਤੂਢੀਗਾ : ਸ਼੍ਰੋਮਣੀ ਅਕਾਲੀ ਦਲ ਦੀ ਜਥੇਬੰਦਕ ਮਜ਼ਬੂਤੀ ਤੇ ਹਲਕਾ ਸੁਲਤਾਨਪੁਰ ਲੋਧੀ ਵਿੱਚ ਪਾਰਟੀ ਦੀਆਂ ਸਰਗਰਮੀਆਂ ਨੂੰ ਹੋਰ ਤੇਜ਼ ਕਰਨ ਲਈ ਟਕਸਾਲੀ ਅਕਾਲੀ ਆਗੂ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਸਿਆਸੀ ਸਰਗਰਮੀ ਤੇਜ਼ ਕਰ ਦਿੱਤੀ ਹੈ। ਇਸੇ ਤਹਿਤ ਜਥੇਦਾਰ ਗਿੱਲ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਸੁਖਬੀਰ ਸਿੰਘ ਬਾਦਲ ਦਾ ਹਾਲ-ਚਾਲ ਪੁੱਛਿਆ ਤੇ ਉਨ੍ਹਾਂ ਦੀ ਚੜ੍ਹਦੀ ਕਲਾ ਤੇ ਜਲਦ ਸਿਹਤਯਾਬੀ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੀਆਂ ਗਤੀਵਿਧੀਆਂ, ਵਰਕਰਾਂ ਨਾਲ ਤਾਲਮੇਲ ਤੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਹੋਇਆ । ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਜਥੇਦਾਰ ਦਿਲਬਾਗ ਸਿੰਘ ਗਿੱਲ ਨੂੰ ਹਲਕੇ ਵਿੱਚ ਪਾਰਟੀ ਵਰਕਰਾਂ ਨਾਲ ਰਾਬਤਾ ਹੋਰ ਮਜ਼ਬੂਤ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪੰਜਾਬ ਪ੍ਰਤੀ ਪਾਰਟੀ ਦੇ ਯੋਗਦਾਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਸਰਗਰਮੀ ਨਾਲ ਕੰਮ ਕਰਨ ਲਈ ਕਿਹਾ। ਜਥੇਦਾਰ ਦਿਲਬਾਗ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲਈ ਟਕਸਾਲੀ ਵਰਕਰਾਂ ਦੀ ਵੱਡੀ ਤਾਕਤ ਉਸ ਦਾ ਜਥੇਬੰਦਕ ਆਧਾਰ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਵਰਕਰ ਪੂਰੀ ਤਨਦੇਹੀ ਤੇ ਇਕਜੁੱਟਤਾ ਨਾਲ ਮੈਦਾਨ ਵਿੱਚ ਉਤਰਨਗੇ। ਹਲਕੇ ਦੇ ਹਰ ਪਿੰਡ ਵਿੱਚ ਪਾਰਟੀ ਵਰਕਰਾਂ ਨਾਲ ਸੰਪਰਕ ਵਧਾਇਆ ਜਾਵੇਗਾ ਤੇ ਲੋਕਾਂ ਦੀਆਂ ਸਮੱਸਿਆਵਾਂ ਤੇ ਸੁਝਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਜਾਵੇਗਾ। ਜਥੇਦਾਰ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿਰਫ਼ ਇੱਕ ਸਿਆਸੀ ਜਥੇਬੰਦੀ ਨਹੀਂ, ਸਗੋਂ ਪੰਜਾਬ, ਪੰਜਾਬੀ ਤੇ ਪੰਥ ਦੀ ਆਵਾਜ਼ ਵਜੋਂ ਲੰਮੇ ਸਮੇਂ ਤੋਂ ਆਪਣੀ ਭੂਮਿਕਾ ਨਿਭਾਉਂਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਨੀਤੀਆਂ ਤੇ ਪੰਜਾਬ ਦੇ ਹੱਕਾਂ ਲਈ ਕੀਤੇ ਸੰਘਰਸ਼ ਬਾਰੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨਾ ਸਮੇਂ ਦੀ ਲੋੜ ਹੈ। ਉਨ੍ਹਾਂ ਸੁਖਬੀਰ ਸਿੰਘ ਬਾਦਲ ਨੂੰ ਵਿਸ਼ਵਾਸ ਦਿਵਾਇਆ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਅਕਾਲੀ ਵਰਕਰ ਇਕਜੁੱਟ ਹੋ ਕੇ ਪਾਰਟੀ ਦੀ ਮਜ਼ਬੂਤੀ ਲਈ ਪੂਰੀ ਵਚਨਬੱਧਤਾ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਦੇ ਹਲਕੇ ਵਿੱਚ ਦੌਰੇ ਮੌਕੇ ਵਰਕਰਾਂ ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ। ਜਥੇਦਾਰ ਗਿੱਲ ਨੇ ਕਿਹਾ ਕਿ ਉਹ ਆਪਣੇ ਸਾਥੀਆਂ ਸਮੇਤ ਅਕਾਲੀ ਦਲ ਦੀ ਚੜ੍ਹਦੀ ਕਲਾ ਤੇ ਹਲਕੇ ਵਿੱਚ ਪਾਰਟੀ ਦੀ ਜਥੇਬੰਦਕ ਮਜ਼ਬੂਤੀ ਲਈ ਲਗਾਤਾਰ ਸਰਗਰਮ ਰਹਿਣਗੇ। ਇਸ ਮੌਕੇ ਜਥੇਦਾਰ ਗੁਰਬਚਨ ਸਿੰਘ ਕਰਮੂੰਵਾਲ ਸਾਬਕਾ ਜਨਰਲ ਸਕੱਤਰ, ਗੁਰਵਿੰਦਰ ਸਿੰਘ, ਪਿਆਰਾ ਸਿੰਘ ਲੁਹਾਰ, ਨੰਬਰਦਾਰ ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।