ਗਾਰਬੇਜ ਫਰੀ ਫੈਸਟੀਵਲ ਸਵੱਛ ਦਿਵਾਲੀ ਸ਼ੁਭ ਦਿਵਾਲੀ ਮੁਹਿੰਮ ਚਲਾਈ ਗਾਰਬੇਜ ਫਰੀ ਫੈਸਟੀਵਲ ਸਵੱਛ ਦਿਵਾਲੀ ਸ਼ੁਭ ਦਿਵਾਲੀ ਮੁਹਿੰਮ ਚਲਾਈ
Publish Date: Thu, 05 Nov 2026 08:28 PM (IST)
Updated Date: Thu, 05 Nov 2026 08:29 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਨਗਰ ਨਿਗਮ ਕਪੂਰਥਲਾ ਵੱਲੋਂ ਨਗਰ ਨਿਗਮ ਕਮਿਸ਼ਨਰ ਅਨੁਪਮ ਕਲੇਰ ਦੇ ਦਿਸ਼ਾ-ਨਿਰਦੇਸ਼ਾਂ ਤੇ ਸੀਐੱਸਓ ਜਗਦੀਪ ਸਿੰਘ, ਸੀਐੱਸਆਈ ਹਿਤੇਸ਼ ਕੁਮਾਰ ਅਗਰਵਾਲ, ਐੱਸਆਈ ਰਾਜੇਸ਼ ਕੁਮਾਰ ਤੇ ਏਟੀਪੀ ਪੂਜਾ ਮਾਨ ਦੀ ਯੋਗ ਅਗਵਾਈ ਹੇਠ, ਐੱਸਬੀਐੱਮ ਟੀਮ ਵੱਲੋਂ ਫਿਨਿਸ਼ ਸੋਸਾਇਟੀ ਦੇ ਸਹਿਯੋਗ ਨਾਲ ਐੱਚਪੀਪੀ ਹਾਈ ਸਕੂਲ ਕੈਂਪੂਰਾ ਤੇ ਸਰਕਾਰੀ ਐਲੀਮੈਂਟਰੀ ਸਕੂਲ ਲਾਹੌਰੀ ਗੇਟ ਕਪੂਰਥਲਾ ਵਿਖੇ ਸਾਂਝੇ ਤੌਰ ਤੇ ਗਾਰਬੇਜ ਫਰੀ ਫੈਸਟੀਵਲ ਸਵੱਛ ਦੀਵਾਲੀ ਸ਼ੁੱਭ ਦੀਵਾਲੀ ਮੁਹਿੰਮ ਚਲਾਈ ਗਈ। ਇਸ ਪਹਿਲਕਦਮੀ ਵਿੱਚ ਕੈਂਬਰਿਜ ਸਕੂਲ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਤੇ ਈ-ਕੂੜੇ ਦੇ ਇਕੱਠ ਤੇ ਉਸ ਦੇ ਸਹੀ ਨਿਪਟਾਰੇ ਰਾਹੀਂ ਵਾਤਾਵਰਣ ਦੀ ਸੰਭਾਲ ਵਿੱਚ ਯੋਗਦਾਨ ਪਾਇਆ ਗਿਆ। ਇਸ ਮੁਹਿੰਮ ਦੌਰਾਨ ਕਰਵਾਏ ਗਏ ਜਾਗਰੂਕਤਾ ਸੈਸ਼ਨਾਂ ਵਿੱਚ ਦੀਵਾਲੀ ਦੇ ਸੱਭਿਆਚਾਰਕ ਤੇ ਸਮਾਜਿਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਗਈ ਤੇ ਵਿਦਿਆਰਥੀਆਂ ਨੂੰ ਵੱਧ ਪਟਾਕੇ ਚਲਾਉਣ ਤੋਂ ਗੁਰੇਜ਼ ਕਰਨ ਤੇ ਵਾਤਾਵਰਣ-ਅਨੁਕੂਲ ਤਰੀਕਿਆਂ ਨਾਲ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਮੁਹਿੰਮ ਦਾ ਮੁੱਖ ਉਦੇਸ਼ ਕੂੜੇ ਦੇ ਚਾਰ-ਪੱਖੀ ਸਰੋਤ ਪੱਧਰੀ ਵਰਗੀਕਰਨ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ। ਇਸ ਤਹਿਤ ਵਿਦਿਆਰਥੀਆਂ ਨੂੰ ਘਰੇਲੂ ਕੂੜੇ ਨੂੰ ਚਾਰ ਸ਼੍ਰੇਣੀਆਂ ਵਿੱਚ ਵੰਡਣ ਬਾਰੇ ਜਾਣਕਾਰੀ ਦਿੱਤੀ ਗਈ -ਗਿੱਲਾ ਕੂੜਾ–ਹਰਾ ਡਸਟਬਿਨ -ਸੁੱਕਾ ਕੂੜਾ–ਨੀਲਾ ਡਸਟਬਿਨ -ਘਰੇਲੂ ਖ਼ਤਰਨਾਕ ਕੂੜਾ ਲਾਲ ਡਸਟਬਿਨ - ਰੱਦ ਕੀਤਾ ਜਾਣ ਵਾਲਾ ਕੂੜਾ–ਕਾਲਾ ਡਸਟਬਿਨ ਇਸ ਤੋਂ ਇਲਾਵਾ, ਈ-ਕੂੜੇ ਦੇ ਪ੍ਰਬੰਧਨ ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਵਿਦਿਆਰਥੀਆਂ ਨੂੰ ਅਧਿਕਾਰਤ ਰੀਸਾਈਕਲਰਾਂ ਰਾਹੀਂ ਈ-ਕੂੜਾ ਇਕੱਠਾ ਕਰਨ, ਇਲੈਕਟ੍ਰਾਨਿਕ ਵਸਤੂਆਂ ਦੀ ਮੁਰੰਮਤ, ਮੁੜ ਵਰਤੋਂ ਤੇ ਸਹੀ ਨਿਪਟਾਰੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਈ-ਕੂੜੇ ਦੇ ਗ਼ਲਤ ਨਿਪਟਾਰੇ ਕਾਰਨ ਵਾਤਾਵਰਣ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਗਿਆ ਤੇ ਜ਼ਿੰਮੇਵਾਰ ਖਪਤ ਦੀਆਂ ਆਦਤਾਂ ਅਪਣਾਉਣ ਲਈ ਪ੍ਰੇਰਿਤ ਕੀਤਾ ਗਿਆ। ਜਨਗਣਨਾ ਵਿਭਾਗ ਵੱਲੋਂ ਵੀ ਜਨਗਣਨਾ ਫੇਜ਼-II ਦੀਆਂ ਆਈਈਸੀ (ਸੂਚਨਾ, ਸਿੱਖਿਆ ਤੇ ਸੰਚਾਰ) ਗਤੀਵਿਧੀਆਂ ਦੇ ਹਿੱਸੇ ਵਜੋਂ ਇਸ ਮੁਹਿੰਮ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਵਿਦਿਆਰਥੀਆਂ ਨਾਲ ਸੰਵਾਦ ਕਰਕੇ ਆਉਣ ਵਾਲੀਆਂ ਜਨਗਣਨਾ ਸਬੰਧੀ ਪਹਿਲਕਦਮੀਆਂ ਬਾਰੇ ਜਾਗਰੂਕਤਾ ਫੈਲਾਈ ਗਈ।