- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ: ਨਿਯਮਾਂ ਦੀ ਉਲੰਘਣਾ 'ਤੇ ਸਕੂਲ ਦੀਆਂ 3 ਬੱਸਾਂ ਦੇ ਚਲਾਨ

--2 ਬੱਸਾਂ ਬਿਨਾਂ ਕਾਗਜ਼ਾਤ ਤੋਂ ਚੱਲਦੀਆਂ ਫੜੀਆਂ
ਹੁੰਦਲ, ਪੰਜਾਬੀ ਜਾਗਰਣ
ਕਪੂਰਥਲਾ : ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਤੇ 'ਸੇਫ ਸਕੂਲ ਵਾਹਨ ਪਾਲਿਸੀ' ਤਹਿਤ ਰੀਜਨਲ ਟਰਾਂਸਪੋਰਟ ਅਫਸਰ ਹਰਕਰਮ ਸਿੰਘ ਰੰਧਾਵਾ ਦੀ ਅਗਵਾਈ ਹੇਠ ਟਰਾਂਸਪੋਰਟ ਵਿਭਾਗ ਦੀ ਟੀਮ ਵੱਲੋਂ ਸ਼ਹਿਰ ਦੀਆਂ ਵੱਖ-ਵੱਖ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਅਭਿਆਨ ਦੌਰਾਨ ਬੱਸਾਂ ਦੇ ਦਸਤਾਵੇਜ਼, ਫਿਟਨੈੱਸ ਤੇ ਸੁਰੱਖਿਆ ਦੇ ਮਾਪਦੰਡਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ। ਆਰਟੀਓ ਹਰਕਰਮ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਸੈਕਰਡ ਹਾਰਟ ਸਕੂਲ ਦੀਆਂ ਬੱਸਾਂ ਦੀ ਜਾਂਚ ਕਰਨ ’ਤੇ ਨਿਯਮਾਂ ਦੀਆਂ ਗੰਭੀਰ ਉਲੰਘਣਾਵਾਂ ਸਾਹਮਣੇ ਆਈਆਂ। ਬੱਸਾਂ ਵਿੱਚ ਨਿਰਧਾਰਤ ਸਮਰੱਥਾ ਤੋਂ ਵੱਧ ਬੱਚੇ ਬਿਠਾਏ ਗਏ ਸਨ ਤੇ 2 ਬੱਸਾਂ ਬਿਨਾਂ ਕਿਸੇ ਜਾਇਜ਼ ਕਾਗਜ਼ਾਤ ਦੇ ਹੀ ਸੜਕ 'ਤੇ ਚੱਲ ਰਹੀਆਂ ਸਨ। ਇਨ੍ਹਾਂ ਅਣਗਹਿਲੀਆਂ 'ਤੇ ਤੁਰੰਤ ਕਾਰਵਾਈ ਕਰਦਿਆਂ ਮੌਕੇ 'ਤੇ ਹੀ ਸੈਕਰਡ ਹਾਰਟ ਸਕੂਲ ਦੀਆਂ 3 ਬੱਸਾਂ ਦੇ ਚਲਾਨ ਕੱਟੇ ਗਏ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਸਮਝੌਤਾ ਨਹੀਂ ਕੀਤਾ ਜਾਵੇਗਾ ਤੇ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਅਜਿਹੀ ਚੈਕਿੰਗ ਜਾਰੀ ਰਹੇਗੀ। ਉਨ੍ਹਾਂ ਸਮੂਹ ਸਕੂਲ ਪ੍ਰਬੰਧਕਾਂ ਤੇ ਬੱਸ ਚਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਵਾਹਨਾਂ ਦੇ ਕਾਗਜ਼ਾਤ ਪੂਰੇ ਰੱਖੇ ਜਾਣ ਤੇ ਬੱਸਾਂ ਵਿੱਚ ਓਵਰਲੋਡਿੰਗ ਨਾ ਕੀਤੀ ਜਾਵੇ, ਨਹੀਂ ਤਾਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਰ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।