- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫਗਵਾੜਾ ਸ਼ਹਿਰ ਚ ਐਤਵਾਰ ਰਿਹਾ ਧਰਨਿਆਂ ਦਾ ਦਿਨ

ਵਿਜੇ ਸੋਨੀ, ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਸ਼ਹਿਰ ਅੰਦਰ ਬਿਜਲੀ ਕੱਟਾਂ ਤੋਂ ਪਰੇਸ਼ਾਨ ਪਿੰਡਾਂ ਦੇ ਲੋਕਾਂ ਤੇ ਸ਼ਹਿਰ ਵਾਸੀਆਂ ਨੇ ਮਿਲ ਕੇ ਵੱਖ-ਵੱਖ ਜਗ੍ਹਾ ਸੂਬਾ ਸਰਕਾਰ ਤੇ ਬਿਜਲੀ ਵਿਭਾਗ ਖ਼ਿਲਾਫ਼ ਧਰਨੇ ਲਗਾਏ। ਪਹਿਲਾ ਧਰਨਾ ਹੁਸ਼ਿਆਰਪੁਰ ਰੋਡ ਬਿਜਲੀ ਘਰ ਅੱਗੇ, ਦੂਜਾ ਧਰਨਾ ਬਾਈਪਾਸ ਤੇ ਤੀਜਾ ਧਰਨਾ ਚੱਕ ਹਕੀਮ ਵਿਖੇ ਲਗਾਇਆ ਗਿਆ। ਇਨ੍ਹਾਂ ਧਰਨਿਆਂ ਵਿੱਚ ਪਿੰਡਾਂ ਤੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਸੂਬਾ ਸਰਕਾਰ ਖਿਲਾਫ ਬਿਜਲੀ ਨਾ ਦੇਣ ਦੇ ਦੋਸ਼ ਲਗਾਏ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਭਾਵੇਂ 600 ਯੂਨਿਟ ਮੁਫਤ ਵਾਲੀ ਸਕੀਮ ਬੰਦ ਕਰ ਦੇਵੇ ਪਰ ਲੋਕਾਂ ਨੂੰ ਬਿਜਲੀ ਜ਼ਰੂਰ ਦੇਵੇ। ਮੁਫਤ ਬਿਜਲੀ ਦੇਣ ਦਾ ਫਾਇਦਾ ਹੀ ਕੀ ਹੈ ਜਦੋਂ ਬਿਜਲੀ ਆਉਂਦੀ ਹੀ ਨਹੀਂ। ਇਸੇ ਦੌਰਾਨ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਅਪੀਲ ਕੀਤੀ ਕਿ ਉਹ ਅੱਠ ਘੰਟੇ ਦਾ ਵਾਅਦਾ ਜੋ ਕਿਸਾਨਾਂ ਨਾਲ ਕੀਤਾ ਸੀ, ਉਸ ਨੂੰ ਪੂਰਾ ਕਰੇ। ਹੁਣ ਤਿੰਨ ਤੋਂ ਚਾਰ ਘੰਟੇ ਹੀ ਬਿਜਲੀ ਦੀ ਸਪਲਾਈ ਆਉਂਦੀ ਹੈ ਜਿਸ ਕਾਰਨ ਝੋਨੇ ਦੀ ਫਸਲ ਖਰਾਬ ਹੋਣ ਦੀ ਕਗਾਰ ’ਤੇ ਪਹੁੰਚ ਚੁੱਕੀ ਹੈ। ਜੇਕਰ ਕਿਸਾਨਾਂ ਨੂੰ ਪੂਰੀ ਸਪਲਾਈ ਮਿਲਦੀ ਹੈ ਤਾਂ ਕਿਸਾਨਾਂ ਦੀ ਝੋਨੇ ਦੀ ਫਸਲ ਬਰਬਾਦ ਹੋਣ ਤੋਂ ਬਚ ਸਕਦੀ ਹੈ। ਇਸ ਮੌਕੇ ਕਿਸਾਨਾਂ ਨੇ ਸੜਕਾਂ ਉੱਤੇ ਟਰੈਕਟਰ ਲਗਾ ਦਿੱਤੇ ਅਤੇ ਆਵਾਜਾਈ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਬਹਿਰਹਾਲ ਇਨ੍ਹਾਂ ਧਰਨਿਆਂ ਕਾਰਨ ਆਮ ਲੋਕ ਜ਼ਰੂਰ ਪਰੇਸ਼ਾਨ ਹੋਏ ਜਿਨ੍ਹਾਂ ਨੂੰ ਘੁੰਮ-ਘੁਮਾ ਕੇ ਕਾਫੀ ਖੱਜਲ-ਖੁਆਰੀ ਤੋਂ ਬਾਅਦ ਆਪਣੇ ਸਥਾਨਾਂ ’ਤੇ ਪਹੁੰਚਣਾ ਪਿਆ।
ਇਕ ਪਾਸੇ ਧਰਨੇ ਦੀ ਅਗਵਾਈ ਕਰਦੇ ਹੋਏ ਕੌਂਸਲਰ ਵੀਰਾ ਰਾਮ ਵਲਜੋਤ ਨੇ ਕਿਹਾ ਕਿ ਰੋਜ਼ ਹੀ ਰਾਤ ਨੂੰ ਲੰਬੇ ਲੰਬੇ ਕੱਟ ਲਗਾ ਦਿੱਤੇ ਜਾਂਦੇ ਹਨ ਜਿਸ ਕਾਰਨ ਘਰਾਂ ਵਿਚ ਪਰਿਵਾਰਾਂ ਨੂੰ ਬਹੁਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੂਜੇ ਧਰਨੇ ਵਿਚ ਸ਼ਾਮਲ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਪੁੱਤਰ ਕਮਲ ਧਾਲੀਵਾਲ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿਚ ਪੂਰੀ ਤਰਾਂ ਨਾਕਾਮਯਾਬ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਜਿੰਨਾ ਖਰਚਾ ਆਪਣੇ ਆਪ ਦਾ ਅਕਸ ਸੁਧਾਰਣ ਵਿਚ ਲਗਾ ਰਹੇ ਹਨ, ਉੱਨੇ ਖਰਚੇ ਨਾਲ ਪੰਜਾਬ ਦੇ ਲੋਕਾਂ ਨੂੰ ਨਿਰਵਿਘਨ ਬਿਜਲੀ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਤੁਰੰਤ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।