ਟੋਇਆਂ ’ਚ ਤਬਦੀਲ ਹੋਈ ਸੜਕ ਨੂੰ ਪੈਚਵਰਕ ਦਾ ਸਹਾਰਾ ਟੋਇਆਂ ’ਚ ਤਬਦੀਲ ਹੋਈ ਸੁਲਤਾਨਪੁਰ ਲੋਧੀ–ਡਡਵਿੰਡੀ–ਕਪੂਰਥਲਾ ਚਾਰ-ਮਾਰਗੀ ਸੜਕ, ਹੁਣ ਪੈਚਵਰਕ ਦਾ ਸਹਾਰਾ
Publish Date: Thu, 08 Oct 2026 08:44 PM (IST)
Updated Date: Thu, 08 Oct 2026 08:47 PM (IST)
ਥਾਂ-ਥਾਂ ਡੂੰਘੀਆਂ ਦਰਾਰਾਂ ਤੇ ਟੋਇਆਂ ਕਾਰਨ ਰਾਹਗੀਰ ਪ੍ਰੇਸ਼ਾਨ; ਕੰਸਟ੍ਰਕਸ਼ਨ ਕੰਪਨੀ ਵੱਲੋਂ ਸੜਕ ਦੀ ਮੁਰੰਮਤ ਸ਼ੁਰੂ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਵਾਇਆ ਡਡਵਿੰਡੀ ਹੁੰਦੇ ਹੋਏ ਕਪੂਰਥਲਾ ਨੂੰ ਜੋੜਨ ਵਾਲੀ ਚਾਰ-ਮਾਰਗੀ ਬੇਬੇ ਨਾਨਕੀ ਜੀ ਸੜਕ ਦੀ ਮੌਜੂਦਾ ਖ਼ਰਾਬ ਹਾਲਤ ਨੇ ਸੜਕ ਨਿਰਮਾਣ ਦੀ ਗੁਣਵੱਤਾ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਸੜਕ ਦੇ ਕਈ ਹਿੱਸਿਆਂ ਵਿੱਚ ਥਾਂ-ਥਾਂ ਟੋਏ, ਡੂੰਘੀਆਂ ਦਰਾਰਾਂ, ਉੱਚੀ-ਨੀਵੀਂ ਸਤ੍ਹਾ ਤੇ ਸੜਕ ਦੀ ਉਖੜੀ ਹੋਈ ਪਰਤ ਸਾਫ਼ ਦਿਖਾਈ ਦੇ ਰਹੀ ਹੈ। ਵੀਰਵਾਰ ਨੂੰ ਸੜਕ ਦੇ ਖ਼ਰਾਬ ਹਿੱਸਿਆਂ ’ਤੇ ਪੈਚਵਰਕ ਦਾ ਕੰਮ ਸ਼ੁਰੂ ਕੀਤਾ ਗਿਆ। ਮੌਕੇ ’ਤੇ ਪੈਚਵਰਕ ਕਰ ਰਹੇ ਮਜ਼ਦੂਰਾਂ ਤੇ ਅੱਗਰਵਾਲ ਕੰਸਟ੍ਰਕਸ਼ਨ ਕੰਪਨੀ ਦੇ ਮੁਲਾਜ਼ਮ ਨਿਤਿਨ ਨੇ ਪੱਤਰਕਾਰ ਨੂੰ ਦੱਸਿਆ ਕਿ ਸੜਕ ਦੇ ਖ਼ਰਾਬ ਹਿੱਸਿਆਂ ਦੀ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ। ਮੌਕੇ ’ਤੇ ਮਜ਼ਦੂਰ ਸੜਕ ਦੇ ਟੁੱਟੇ ਹਿੱਸਿਆਂ ਵਿੱਚ ਤਾਰਕੋਲ ਵਾਲੀ ਸਮੱਗਰੀ ਪਾ ਕੇ ਪੈਚਵਰਕ ਕਰਦੇ ਦਿਖਾਈ ਦਿੱਤੇ। ਸੜਕ ਦੀ ਗੁਣਵੱਤਾ ’ਤੇ ਖੜ੍ਹੇ ਕੀਤੇ ਸਵਾਲ ਮੌਕੇ ਤੋਂ ਲਈਆਂ ਤਸਵੀਰਾਂ ਵਿੱਚ ਸੜਕ ਦੀ ਸਤ੍ਹਾ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਦਿਖਾਈ ਦੇ ਰਹੀ ਹੈ। ਕਿਤੇ ਡੂੰਘੀਆਂ ਦਰਾਰਾਂ ਪਈਆਂ ਹੋਈਆਂ ਹਨ ਤੇ ਕਿਤੇ ਸੜਕ ਦੀ ਉਪਰਲੀ ਪਰਤ ਉਖੜ ਚੁੱਕੀ ਹੈ। ਕੁਝ ਹਿੱਸਿਆਂ ਵਿੱਚ ਸੜਕ ਦੀ ਸਤ੍ਹਾ ਉੱਚੀ-ਨੀਵੀਂ ਹੋਣ ਕਾਰਨ ਵਾਹਨ ਚਾਲਕਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਚਾਰ-ਮਾਰਗੀ ਸੜਕ ਬਣਨ ਨਾਲ ਲੋਕਾਂ ਨੂੰ ਆਵਾਜਾਈ ਵਿੱਚ ਵੱਡੀ ਸਹੂਲਤ ਮਿਲੀ ਸੀ ਪਰ ਹੁਣ ਇਸ ਦੇ ਕਈ ਹਿੱਸਿਆਂ ਦੀ ਹਾਲਤ ਖ਼ਰਾਬ ਹੋਣ ਕਾਰਨ ਵਾਹਨ ਚਾਲਕ ਪ੍ਰੇਸ਼ਾਨ ਹਨ। ਖ਼ਾਸ ਕਰਕੇ ਦੋਪਹੀਆ ਵਾਹਨ ਚਾਲਕਾਂ ਲਈ ਸੜਕ ’ਤੇ ਪਈਆਂ ਡੂੰਘੀਆਂ ਦਰਾਰਾਂ, ਟੋਏ ਤੇ ਉੱਚੀ-ਨੀਵੀਂ ਸਤ੍ਹਾ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ। ਲੋਕਾਂ ਨੇ ਮੰਗ ਕੀਤੀ ਹੈ ਕਿ ਸਿਰਫ਼ ਉਪਰੋਂ ਪੈਚਵਰਕ ਕਰਨ ਦੀ ਬਜਾਏ ਸੜਕ ਦੇ ਖ਼ਰਾਬ ਹੋਣ ਦੇ ਅਸਲ ਕਾਰਨਾਂ ਦੀ ਤਕਨੀਕੀ ਜਾਂਚ ਕਰਵਾਈ ਜਾਵੇ, ਜਿੱਥੇ ਸੜਕ ਦੀ ਬੇਸ ਜਾਂ ਹੇਠਲੀ ਪਰਤ ਵਿੱਚ ਨੁਕਸ ਹੈ, ਉੱਥੇ ਸਿਰਫ਼ ਪੈਚ ਲਗਾਉਣ ਦੀ ਬਜਾਏ ਪੱਕੇ ਤੌਰ ’ਤੇ ਮੁਰੰਮਤ ਕੀਤੀ ਜਾਵੇ, ਤਾਂ ਜੋ ਸੜਕ ਮੁੜ ਜਲਦੀ ਖ਼ਰਾਬ ਨਾ ਹੋਵੇ। ਸਬੰਧਤ ਠੇਕੇਦਾਰ ਦੀ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ ਇਲਾਕਾ ਵਾਸੀਆਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਸੜਕ ਦੇ ਨਿਰਮਾਣ ਤੇ ਮੁਰੰਮਤ ਨਾਲ ਸਬੰਧਤ ਵਰਕ ਆਰਡਰ, ਗੁਣਵੱਤਾ ਜਾਂਚ ਰਿਪੋਰਟ ਤੇ ਮੌਜੂਦਾ ਪੈਚਵਰਕ ਦੇ ਕੰਮ ਦਾ ਵੇਰਵਾ ਜਨਤਕ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਜਾਵੇ ਕਿ ਮੌਜੂਦਾ ਮੁਰੰਮਤ ਕਿਸ ਠੇਕੇ ਅਧੀਨ ਕਰਵਾਈ ਜਾ ਰਹੀ ਹੈ ਤੇ ਇਸ ਦੀ ਜ਼ਿੰਮੇਵਾਰੀ ਕਿਸ ਏਜੰਸੀ ਜਾਂ ਠੇਕੇਦਾਰ ਦੀ ਹੈ। ਲੋਕਾਂ ਨੇ ਸੜਕ ਦੀ ਮੁਰੰਮਤ ਦਾ ਕੰਮ ਮਿਆਰੀ ਸਮੱਗਰੀ ਅਤੇ ਤਕਨੀਕੀ ਮਾਪਦੰਡਾਂ ਅਨੁਸਾਰ ਕਰਵਾਉਣ ਦੀ ਮੰਗ ਕੀਤੀ ਹੈ, ਤਾਂ ਜੋ ਆਵਾਜਾਈ ਲਈ ਮਹੱਤਵਪੂਰਨ ਇਸ ਸੜਕ ਦੀ ਹਾਲਤ ਮੁੜ ਖ਼ਰਾਬ ਨਾ ਹੋਵੇ।