- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਨੂੰ ਮਿਲੀ ਆਧੁਨਿਕ ਆਰਥੋ ਟੇਬਲ

ਰਾਜ ਸਭਾ ਮੈਂਬਰ ਸੰਤ ਸੀਚੇਵਾਲ ਵੱਲੋਂ ਦਿੱਤੀ ਗਈ ਸੀ ਗ੍ਰਾਂਟ
ਲੋਕਾਂ ਨੂੰ ਘਰਾਂ ਨੇੜੇ ਉੱਚ ਪੱਧਰੀ ਸਿਹਤ ਸਹੂਲਤਾਂ ਦੇਣ ਲਈ ਸਰਕਾਰ ਵਚਨਬੱਧ : ਡਾ. ਸੰਜੀਵ
ਕੁਲਬੀਰ ਸਿੰਘ ਮਿੰਟੂ, ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ
ਸੁਲਤਾਨਪੁਰ ਲੋਧੀ : ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਸਬ ਡਿਵੀਜ਼ਨਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ ਐੱਮਪੀ ਲੈਡ ਫੰਡ ਵਿਚੋਂ ਲੈ ਕੇ ਦਿੱਤੀ ਅਤਿ-ਆਧੁਨਿਕ ਆਰਥੋ ਆਪ੍ਰੇਸ਼ਨ ਟੇਬਲ ਲੋਕ ਅਰਪਿਤ ਕੀਤਾ। ਸੰਤ ਸੀਚੇਵਾਲ ਨੇ ਦੱਸਿਆ ਕਿ ਕਪੂਰਥਲਾ ਜ਼ਿਲ੍ਹੇ ਵਿਚ ਸਿਹਤ ਸਹੂਲਤਾਂ ਲਈ ਹੁਣ ਤੱਕ ਆਪਣੇ ਅਖ਼ਤਿਆਰੀ ਫੰਡ ਵਿਚੋਂ 73 ਲੱਖ 42 ਹਜ਼ਾਰ ਰੁਪਏ ਤੋਂ ਵੱਧ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿਹਤ ਤੇ ਸਿੱਖਿਆ ਸਮਾਜ ਦੇ ਵਿਕਾਸ ਦੇ ਦੋ ਸਭ ਤੋਂ ਅਹਿਮ ਥੰਮ੍ਹ ਹਨ। ਸੰਤ ਸੀਚੇਵਾਲ ਨੇ ਦੱਸਿਆ ਕਿ ਹਸਪਤਾਲ ਵਿਚ ਲਗਾਈ ਗਈ ਇਹ ਅਤਿ-ਆਧੁਨਿਕ ਆਰਥੋ ਟੇਬਲ ਰਿਮੋਟ ਕੰਟਰੋਲ ਰਾਹੀਂ ਚੱਲੇਗੀ, ਜਿਸ ਨਾਲ ਹੱਡੀਆਂ ਤੇ ਗੋਡੇ ਬਦਲਣ ਵਰਗੇ ਔਖੇ ਆਪ੍ਰੇਸ਼ਨ ਹੋਰ ਵੀ ਸੁਚਾਰੂ ਢੰਗ ਨਾਲ ਕੀਤੇ ਜਾ ਸਕਣਗੇ। ਇਸ ਟੇਬਲ ਦੀ ਮਦਦ ਨਾਲ ਮਰੀਜ਼ ਨੂੰ ਆਪ੍ਰੇਸ਼ਨ ਦੌਰਾਨ ਵਾਰ-ਵਾਰ ਹਿਲਾਉਣ ਦੀ ਲੋੜ ਨਹੀਂ ਪਵੇਗੀ, ਸਗੋਂ ਟੇਬਲ ਨੂੰ ਹੀ ਲੋੜ ਅਨੁਸਾਰ ਘੁਮਾਇਆ ਜਾ ਸਕੇਗਾ।
ਇਸ ਮੌਕੇ ਸਿਵਲ ਸਰਜਨ ਕਪੂਰਥਲਾ ਡਾ. ਸੰਜੀਵ ਭਗਤ ਨੇ ਰਾਜ ਸਭਾ ਮੈਂਬਰ ਸੰਤ ਸੀਚੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਬਿਹਤਰ ਤੇ ਆਧੁਨਿਕ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਯੰਤਰ ਹਸਪਤਾਲ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਸਪਤਾਲ ਵਿਚ 4 ਬੈੱਡਾਂ ਵਾਲਾ ਆਈਸੀਯੂ ਸਥਾਪਿਤ ਕੀਤਾ ਗਿਆ ਹੈ, ਜਿਸ ਨੂੰ ਸਟਾਫ ਦੀ ਭਰਤੀ ਤੋਂ ਬਾਅਦ ਜਲਦ ਹੀ ਚਾਲੂ ਕਰ ਦਿੱਤਾ ਜਾਵੇਗਾ। ਹੱਡੀਆਂ ਦੇ ਰੋਗਾਂ ਦੇ ਮਾਹਰ ਡਾ. ਜਸਪ੍ਰੀਤ ਸਿੰਘ ਨੇ ਕਿਹਾ ਕਿ ਨਵੀਂ ਆਰਥੋ ਟੇਬਲ ਨਾਲ ਹੱਡੀਆਂ ਤੇ ਜੋੜਾਂ ਨਾਲ ਸਬੰਧਤ ਆਪ੍ਰੇਸ਼ਨਾਂ ਦੀ ਗੁਣਵੱਤਾ ਵਿਚ ਵੱਡਾ ਸੁਧਾਰ ਆਵੇਗਾ। ਉਨ੍ਹਾਂ ਕਿਹਾ ਕਿ ਇਸ ਸਹੂਲਤ ਦੇ ਨਾਲ ਹੁਣ ਬਹੁਤ ਸਾਰੇ ਮਰੀਜ਼ਾਂ ਨੂੰ ਇਲਾਜ ਲਈ ਆਪਣੇ ਇਲਾਕੇ ਵਿਚ ਹੀ ਮਾਹਰ ਸਿਹਤ ਸੇਵਾਵਾਂ ਮਿਲ ਸਕਣਗੀਆਂ। ਇਸ ਮੌਕੇ ਐੱਸਡੀਐੱਮ ਅਮਨਪਾਲ ਸਿੰਘ, ਹਲਕਾ ਇੰਚਾਰਜ ਸੱਜਣ ਸਿੰਘ ਚੀਮਾ, ਸਹਾਇਕ ਸਿਵਲ ਸਰਜਨ ਡਾ. ਅਨੂ ਰਤਨ, ਡੀਐੱਸਪੀ ਧੀਰੇਂਦਰ ਵਰਮਾ, ਸੀਨੀਅਰ ਮੈਡੀਕਲ ਅਫ਼ਸਰ ਡਾ. ਅਸ਼ੀਸ਼ ਜੇਤਲੀ, ਡਾ. ਹਰਪ੍ਰੀਤ ਸਿੰਘ, ਡਾ. ਅਸ਼ੀਸ਼ ਸ਼ਰਾਫ, ਫਾਰਮੇਸੀ ਅਫ਼ਸਰ ਅਮਰਿੰਦਰਜੀਤ ਸਿੰਘ, ਐੱਸਐੱਚਓ ਹਰਿੰਦਰ ਸਿੰਘ, ਸਟਾਫ ਨਰਸਾਂ ਤੇ ਹਸਪਤਾਲ ਦਾ ਹੋਰ ਸਟਾਫ ਹਾਜ਼ਰ ਸੀ।
ਸਿਹਤ ਸਹੂਲਤਾਂ ਲਈ 73.42 ਲੱਖ ਦੀਆਂ ਗ੍ਰਾਂਟਾਂ ਜਾਰੀ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਨੂੰ 25 ਲੱਖ ਰੁਪਏ ਦੀ ਐਂਬੂਲੈਂਸ, ਦੋ ਮੋਰਚਰੀ ਫਰਿੱਜਾਂ ਲਈ 9 ਲੱਖ, ਅਯੂਰਵੈਦਿਕ ਡਿਸਪੈਂਸਰੀ ਦੀ ਇਮਾਰਤ ਲਈ 7.15 ਲੱਖਤੇ ਸਾਜ਼ੋ-ਸਾਮਾਨ ਲਈ 2.08 ਲੱਖ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾ ਚੁੱਕੀਆਂ ਹਨ। ਇਸੇ ਤਰ੍ਹਾਂ ਸਿਵਲ ਹਸਪਤਾਲ ਕਪੂਰਥਲਾ ਲਈ ਡਿਜੀਟਲ ਐਕਸ-ਰੇ ਮਸ਼ੀਨ ਵਾਸਤੇ 16.40 ਲੱਖ ਤੇ ਬਲੇਰਖਾਨਪੁਰ ਡਿਸਪੈਂਸਰੀ ਲਈ 9.90 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਸੀ। ਹੁਣ ਤੱਕ ਸੰਤ ਸੀਚੇਵਾਲ ਵੱਲੋਂ ਸਿਹਤ ਸਹੂਲਤਾਂ ਲਈ ਕੁੱਲ 73.42 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।