ਖਹਿਰਾ ਨੇ ਬੀਡੀਪੀਓ ਨਡਾਲਾ ਦੀ ਵਿਜੀਲੈਂਸ ਨੂੰ ਕੀਤੀ ਸ਼ਿਕਾਇਤ
ਸੁਖਪਾਲ ਸਿੰਘ ਖਹਿਰਾ ਨੇ ਬੀਡੀਪੀਓ ਨਡਾਲਾ ਦੀ ਵਿਜੀਲੈਂਸ ਨੂੰ ਕੀਤੀ ਸ਼ਿਕਾਇਤ
Publish Date: Tue, 24 Mar 2026 09:15 PM (IST)
Updated Date: Tue, 24 Mar 2026 09:16 PM (IST)
ਚੰਨਪ੍ਰੀਤ ਸਿੰਘ ਕੰਗ ਪੰਜਾਬੀ ਜਾਗਰਣ
ਨਡਾਲਾ : ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਵਾਰ ਫਿਰ ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ ਖਿਲਾਫ ਦੋਸ਼ ਲਗਾਉਂਦਿਆਂ ਉਨ੍ਹਾਂ ਦੀ ਸ਼ਿਕਾਇਤ ਵਿਜੀਲੈਂਸ ਵਿਭਾਗ ਪੰਜਾਬ ਨੂੰ ਕੀਤੀ ਹੈ ਕਿ ਉਨ੍ਹਾਂ ਨੇ 2022 ਵਿਚ ਆਪਣੇ ਅਹੁਦੇ ’ਤੇ ਰਹਿੰਦਿਆਂ ਸਰਕਾਰੀ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਵਿਜੀਲੈਂਸ ਵਿਭਾਗ ਦੇ ਚੀਫ ਡਾਇਰੈਕਟਰ ਨੂੰ ਸ਼ਿਕਾਇਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਹੈ ਕਿ ਬੀਡੀਪੀਓ ਨਡਾਲਾ, ਕੁਲਵਿੰਦਰ ਰੰਧਾਵਾ, ਵਿਰੁੱਧ ਸਾਲ 2022 ਵਿਚ ਬੀਡੀਪੀਓ ਢਿੱਲਵਾਂ ਦੇ ਕਾਰਜਕਾਲ ਦੌਰਾਨ ਭ੍ਰਿਸ਼ਟਾਚਾਰ ਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਲਈ ਤੁਰੰਤ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇ ਤੇ ਵਿਜੀਲੈਂਸ ਜਾਂਚ ਸ਼ੁਰੂ ਕੀਤੀ ਜਾਵੇ। ਖਹਿਰਾ ਨੇ ਕਿਹਾ ਕਿ ਇਹ ਦੱਸਣਾ ਜ਼ਰੂਰੀ ਹੈ ਕਿ ਉਕਤ ਅਧਿਕਾਰੀ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ। ਉਸਨੂੰ ਬੀਡੀਪੀਓ ਅਮਲੋਹ ਵਜੋਂ 240.85 ਲੱਖ ਸਰਕਾਰੀ ਫੰਡਾਂ ਦੀ ਦੁਰਵਰਤੋਂ ਕਰਨ ਦੇ ਦੋਸ਼ ਵਿਚ ਵਿਜੀਲੈਂਸ ਬਿਊਰੋ, ਪਟਿਆਲਾ ਵੱਲੋਂ 2024 ਦੀ ਐੱਫਆਈਆਰ ਨੰਬਰ 37 ਵਿਚ ਮੁਅੱਤਲ ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਇਲਾਵਾ ਉਸਨੂੰ 2023 ਵਿਚ ਬੀਡੀਪੀਓ ਖੰਨਾ ਵਜੋਂ ਆਪਣੀ ਤਾਇਨਾਤੀ ਦੌਰਾਨ ਲਗਭਗ 60 ਲੱਖ ਦੀ ਇਕ ਹੋਰ ਧੋਖਾਧੜੀ ਲਈ ਵੀ ਮੁਅੱਤਲ ਕੀਤਾ ਗਿਆ ਸੀ। ਇਨ੍ਹਾਂ ਗੰਭੀਰ ਦੋਸ਼ਾਂ ਦੇ ਬਾਵਜੂਦ ਉਹ 2022 ਵਿਚ ਬੀਡੀਪੀਓ ਢਿੱਲਵਾਂ ਵਜੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਭ੍ਰਿਸ਼ਟਾਚਾਰ ਦੇ ਇਕ ਹੋਰ ਸਪੱਸ਼ਟ ਮਾਮਲੇ ਵਿਚ ਜਾਂਚ ਤੋਂ ਬਚਦਾ ਜਾਪਦਾ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਉਕਤ ਅਫਸਰ ਖਿਲਾਫ ਤੁਰੰਤ ਤੇ ਢੁਕਵੀਂ ਕਾਰਵਾਈ ਸ਼ੁਰੂ ਨਹੀਂ ਕੀਤੀ ਜਾਂਦੀ, ਤਾਂ ਮੈਨੂੰ ਜਵਾਬਦੇਹੀ ਤੇ ਨਿਆਂ ਨੂੰ ਯਕੀਨੀ ਬਣਾਉਣ ਲਈ ਨਿਆਂਇਕ ਦਖਲ ਦੀ ਮੰਗ ਕਰਦੇ ਹੋਏ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੱਕ ਪਹੁੰਚ ਕਰਨ ਲਈ ਮਜਬੂਰ ਹੋਣਾ ਪਵੇਗਾ। ਮੈਂ ਇਸ ਵਿਚ ਲੋੜੀਂਦੇ ਹੋਰ ਦਸਤਾਵੇਜ਼ ਜਾਂ ਸਹਾਇਤਾ ਪ੍ਰਦਾਨ ਕਰਨ ਲਈ ਹਾਜ਼ਰ ਹਾਂ।
ਉਧਰ ਜਦੋਂ ਦੂਜੇ ਪਾਸੇ ਬੀਡੀਪੀਓ ਨਡਾਲਾ ਕੁਲਵਿੰਦਰ ਸਿੰਘ ਨਾਲ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਇਨਾਂ ਸਾਰੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਸਭ ਝੂਠ ਹੈ, ਉਨ੍ਹਾਂ ਵੱਲੋਂ ਲਗਾਏ ਗਏ ਸਾਰੇ ਇਲਜ਼ਾਮ ਝੂਠੇ ਤੇ ਬੇਬੁਨਿਆਦ ਹਨ।