ਹੁਣ ਆਏਗੀ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ : ਧਾਲੀਵਾਲ ਸੁਖਬੀਰ ਬਾਦਲ ਦਾ ਬੋਲਣਾ ਦੱਸ ਰਿਹੈ 2027 ਵਿੱਚ ਆਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੀ ਸਰਕਾਰ : ਜਗਜੀਤ ਸਿੰਘ ਧਾਲੀਵਾਲ
Publish Date: Mon, 31 Aug 2026 08:45 PM (IST)
Updated Date: Mon, 31 Aug 2026 08:46 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਜਗਜੀਤ ਸਿੰਘ ਧਾਲੀਵਾਲ ਜੱਗਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਜਨਤਕ ਇਕੱਠ ਵਿੱਚ ਸੁਖਬੀਰ ਸਿੰਘ ਬਾਦਲ ਵੱਲੋਂ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਖਿਲਾਫ਼ ਉਲ-ਜਲੂਲ ਬੋਲਣਾ ਇਹ ਸਾਫ਼ ਦਰਸਾਉਂਦਾ ਹੈ ਕਿ 2027 ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਸਰਕਾਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਝੰਡੇ ਥੱਲੇ ਇਕੱਠਾ ਹੋ ਰਿਹਾ ਹੈ ਤੇ ਇਸ ਇਕੱਠ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਬੀਜੇਪੀ ਨੇ ਬਾਦਲ ਨੂੰ ਦਿੱਤੀ ਹੋਈ ਹੈ। ਜਗਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਕੋਲ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੇ ਖਿਲਾਫ਼ ਬੋਲਣ ਲਈ ਕੁਝ ਨਹੀਂ ਹੈ। ਪੰਜਾਬ ਅਜੇ ਵੀ ਬਾਦਲ ਤੋਂ ਸੁਮੇਧ ਸੈਣੀ ਨੂੰ ਡੀਜੀਪੀ ਲਾਉਣ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਤੋਂ ਆਪਣੇ ਹੱਕ ਵਿੱਚ ਹੁਕਮਨਾਮੇ ਜਾਰੀ ਕਰਵਾਉਣ, ਸਿਰਸਾ ਸਾਧ ਨੂੰ ਮੁਆਫ਼ੀ ਦਿਵਾਉਣ, ਬਰਗਾੜੀ ਤੇ ਬਹਿਬਲ ਕਲਾਂ ਵਿੱਚ ਗੋਲੀਕਾਂਡ ਤੇ ਕਿਸਾਨ ਵਿਰੋਧੀ ਬਿਲਾਂ ਦੀ ਹਮਾਇਤ ਕਰਨ ਦੇ ਜਵਾਬ ਮੰਗਦਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਬਾਦਲ ਦਲ ਵੱਲੋਂ ਨੁੱਕਰੇ ਲਾਏ ਪੰਥਕ ਟਕਸਾਲੀ ਪਰਿਵਾਰਾਂ ਨੂੰ ਸਨਮਾਨ ਦਿੱਤਾ ਜਾ ਰਿਹਾ ਹੈ। ਸੁਖਬੀਰ ਬਾਦਲ ਨੇ ਇਜ਼ਹਾਰ ਆਲਮ ਵਰਗਿਆਂ ਨੂੰ ਟਿਕਟਾਂ ਦਿੱਤੀਆਂ, ਜਦਕਿ ਉਨ੍ਹਾਂ ਦੀ ਪਾਰਟੀ ਨੇ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ’ਚੋਂ ਸਰਬਜੀਤ ਸਿੰਘ ਖਾਲਸਾ ਤੇ ਭਾਈ ਕੇਹਰ ਸਿੰਘ ਦੇ ਸਪੁੱਤਰ ਸਤਵੰਤ ਸਿੰਘ ਨੂੰ ਟਿਕਟਾਂ ਦੇ ਕੇ ਆਪਣਾ ਫ਼ਰਜ਼ ਪੂਰਾ ਕੀਤਾ। ਬਾਦਲ ਕੇਵਲ ਇਕ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਿਆ ਹੈ, ਪਰ ਲੋਕ 2027 ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ।