ਹਿੰਦੂ ਕੰਨਿਆ ਕਾਲਜ ’ਚ 'ਮੁਹੱਬਤ ਮੌਲੀ ਹੈ’ ਦਾ ਕੀਤਾ ਮੰਚਨ ਹਿੰਦੂ ਕੰਨਿਆ ਕਾਲਜ ਵਿਖੇ ਮਨੁੱਖੀ ਭਾਵਨਾਵਾਂ ਨੂੰ ਜਾਗ੍ਰਿਤ ਕਰਨ ਦਾ ਇਕ ਉਪਰਾਲਾ 'ਮੁਹੱਬਤ ਮੌਲੀ ਹੈ`ਦਾ ਸਫਲਤਾਪੂਰਵਕ ਮੰਚਨ
Publish Date: Tue, 18 Aug 2026 08:21 PM (IST)
Updated Date: Tue, 18 Aug 2026 08:24 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸਥਾਨਕ ਹਿੰਦੂ ਕੰਨਿਆ ਕਾਲਜ ਕਪੂਰਥਲਾ ਦੇ ਸੁਖਮਨੀ ਸਾਹਿਤ ਸਭਾ, ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਡਾ. ਅਮਰਜੀਤ ਸਿੰਘ ਗਰੇਵਾਲ ਦੇ ਲਿਖੇ ਨਾਟਕ ਮੁਹੱਬਤ ਮੌਲੀ ਹੈ ਦਾ ਨਾਟਕੀ ਮੰਚਨ ਕਰਵਾਇਆ ਗਿਆ, ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਮਨੁੱਖੀ ਭਾਵਨਾਵਾਂ ਨਾਲ ਜੋੜਨਾ ਤੇ ਰੰਗ ਮੰਚ ਤੇ ਨਾਟਕ ਦੇ ਆਪਸੀ ਸਬੰਧਾਂ ਨੂੰ ਦਰਸਾਉਣਾ ਸੀ। ਪ੍ਰੋਗਰਾਮ ਵਿੱਚ ਪੰਜਾਬੀ ਦੇ ਪ੍ਰਬੁੱਧ ਸਾਹਿਤਕਾਰ ਸੁਰਿੰਦਰ ਸਿੰਘ ਸੁੰਨੜ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਮੁੱਖ ਮਹਿਮਾਨ ਤੇ ਨਾਟਕਕਾਰ ਰਾਜਵਿੰਦਰ ਸਮਰਾਲਾ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ। ਉਪਰੰਤ ਜੋਤੀ ਜਗਾਉਣ ਦੀ ਰਸਮ ਮੁੱਖ ਮਹਿਮਾਨ ਸੁਰਿੰਦਰ ਸਿੰਘ ਸੁੰਨੜ ਦੇ ਨਾਲ ਕਾਲਜ ਪ੍ਰਬੰਧਕੀ ਕਮੇਟੀ ਦੇ ਮੈਨੇਜਰ ਅਸ਼ਵਨੀ ਅਗਰਵਾਲ, ਪ੍ਰਿੰਸੀਪਲ ਡਾ. ਅਰਚਨਾ ਗਰਗ, ਡਾ. ਕੁਲਵਿੰਦਰ ਕੌਰ ਤੇ ਕਾਲਜੀਏਟ ਸਕੂਲ ਦੇ ਅਕਾਦਮਿਕ ਇੰਚਾਰਜ ਸੰਜੀਵ ਭੱਲਾ ਨੇ ਕੀਤੀ। ਪੰਜਾਬੀ ਵਿਭਾਗ ਦੇ ਮੁਖੀ ਡਾ. ਭੁਪਿੰਦਰ ਕੌਰ ਨੇ ਮੁੱਖ ਮਹਿਮਾਨ ਤੇ ਆਏ ਹੋਏ ਹੋਰ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ। ਮੁਹੱਬਤ ਮੌਲੀ ਹੈ ਦੇ ਨਿਰਦੇਸ਼ਕ ਰਾਜਵਿੰਦਰ ਸਮਰਾਲਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਪਣੇ ਥੀਏਟਰ ਤੇ ਫਿਲਮਾਂ ਨਾਲ ਸਬੰਧਤ ਜੀਵਨ ਅਨੁਭਵ ਸਾਂਝੇ ਕੀਤੇ ਤੇ ਦੱਸਿਆ ਕਿ ਥੀਏਟਰ ਉਨ੍ਹਾਂ ਦਾ ਪੈਸ਼ਨ ਹੈ ਤੇ ਸਖ਼ਤ ਮਿਹਨਤ ਨਾਲ ਹੀ ਉਨ੍ਹਾਂ ਨੇ ਮੰਚ ਉੱਤੇ ਕਈ ਸਫ਼ਲ ਨਾਟਕ ਖੇਡੇ ਹਨ। ਇਸ ਉਪਰੰਤ ਅਕਸ ਰੰਗਮੰਚ ਸਮਰਾਲਾ ਦੀ ਟੀਮ ਵੱਲੋਂ ਮੁਹੱਬਤ ਮੌਲੀ ਹੈ ਨਾਟਕ ਦੀ ਭਾਵਪੂਰਤ ਪੇਸ਼ਕਾਰੀ ਕੀਤੀ ਗਈ। ਨਾਟਕ ਮੁਹੱਬਤ ਮੌਲੀ ਹੈ ਰੂਹਾਨੀ ਤੇ ਸਮਾਜਿਕ ਪਿਆਰ ਦੀ ਡੂੰਘੀ ਭਾਵਨਾ ਨੂੰ ਦਰਸਾਉਂਦਾ ਹੈ। ਨਾਟਕ ਦਾ ਮੁੱਖ ਵਿਸ਼ਾ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਤ ਸੀ ਜੋ ਰੂਹਾਨੀ, ਮਨੁੱਖੀ ਤੇ ਸੱਚੀ ਮੁਹੱਬਤ ਦੇ ਜਜ਼ਬੇ ਨੂੰ ਉਜਾਗਰ ਕਰਦਾ ਹੈ। ਪੰਜਾਬੀ ਸੰਗੀਤ ਨਾਟਕ ਅਕਾਦਮੀ ਦੇ ਉਪ-ਪ੍ਰਧਾਨ ਰਾਜਵਿੰਦਰ ਸਮਰਾਲਾ ਦਾ ਡਾਇਰੈਕਟ ਕੀਤਾ ਨਾਟਕ ਵਿਸ਼ੇਸ਼ ਸ਼ਲਾਘਾਯੋਗ ਰਿਹਾ। ਇਸ ਮੌਕੇ ਪੰਜਾਬੀ ਸਾਹਿਤ ਦੀਆਂ ਨਾਮਵਰ ਸ਼ਖਸੀਅਤਾਂ ਪ੍ਰੋ. ਕੁਲਵੰਤ ਸਿੰਘ ਔਜਲਾ, ਡਾ. ਆਸਾ ਸਿੰਘ ਘੁੰਮਣ ਤੇ ਡਾ. ਰਾਮ ਮੂਰਤੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਸਨ। ਮੰਚ ਸੰਚਾਲਨ ਦੇ ਫ਼ਰਜ਼ ਡਾ. ਜਸਦੀਪ ਕੌਰ ਨੇ ਬਾਖੂਬੀ ਨਿਭਾਏ।