ਸਿਵਲ ਹਸਪਤਾਲ ’ਚ ਕੀਤਾ ਗਿਆ ਸਫਲ ਹਿੱਪ ਰਿਪਲੇਸਮੈਂਟ ਸਿਵਲ ਹਸਪਤਾਲ ਕਪੂਰਥਲਾ ਵਿਖੇ 38 ਸਾਲਾ ਮਰੀਜ਼ ਦਾ ਸਫਲ ਹਿੱਪ ਰਿਪਲੇਸਮੈਂਟ
Publish Date: Mon, 19 Oct 2026 09:36 PM (IST)
Updated Date: Mon, 19 Oct 2026 09:39 PM (IST)
--ਆਯੁਸ਼ਮਾਨ ਭਾਰਤ ਯੋਜਨਾ ਤਹਿਤ ਸਰਜਰੀ ਬਿਲਕੁਲ ਮੁਫ਼ਤ : ਡਾ. ਪਰਾਸ਼ਰ ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਸਿਵਲ ਹਸਪਤਾਲ ਕਪੂਰਥਲਾ ਵਿਖੇ ਮਰੀਜ਼ਾਂ ਨੂੰ ਮਿਆਰੀ ਤੇ ਆਧੁਨਿਕ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ 38 ਸਾਲਾ ਮਰੀਜ਼ ਤੀਰਥ ਸਿੰਘ ਵਾਸੀ ਡੋਗਰਾਂਵਾਲ ਕਪੂਰਥਲਾ ਦਾ ਸੱਜਾ ਹਿੱਪ ਰਿਪਲੇਸਮੈਂਟ ਸਫਲਤਾਪੂਰਵਕ ਕੀਤਾ ਗਿਆ। ਇਹ ਸਰਜਰੀ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਬਿਲਕੁਲ ਮੁਫ਼ਤ ਕੀਤੀ ਗਈ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਸਿਵਲ ਹਸਪਤਾਲ ਕਪੂਰਥਲਾ ਵਿਖੇ ਆਧੁਨਿਕ ਆਰਥੋਪੈਡਿਕ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕੀਤਾ ਜਾ ਰਿਹਾ ਹੈ, ਤਾਂ ਜੋ ਲੋਕਾਂ ਨੂੰ ਉੱਚ ਪੱਧਰੀ ਇਲਾਜ ਤੇ ਸਰਜਰੀ ਦੀਆਂ ਸਹੂਲਤਾਂ ਸਰਕਾਰੀ ਸਿਹਤ ਸੰਸਥਾ ਵਿੱਚ ਹੀ ਉਪਲਬਧ ਕਰਵਾਈਆਂ ਜਾ ਸਕਣ। ਉਨ੍ਹਾਂ ਕਿਹਾ ਕਿ ਯੋਗ ਮਰੀਜ਼ਾਂ ਨੂੰ ਸਰਕਾਰੀ ਸਿਹਤ ਯੋਜਨਾਵਾਂ ਦਾ ਲਾਭ ਦਿੰਦਿਆਂ ਮਿਆਰੀ ਇਲਾਜ ਬਿਨਾਂ ਵਿੱਤੀ ਬੋਝ ਦੇ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀ ਪ੍ਰਮੁੱਖ ਤਰਜੀਹ ਹੈ। ਆਰਥੋਪੈਡਿਕ ਮਾਹਿਰ ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਆਰਥੋਪੈਡਿਕ ਵਿਭਾਗ ਵੱਲੋਂ ਹੁਣ ਤੱਕ 40 ਗੋਡਿਆਂ ਦੇ ਰਿਪਲੇਸਮੈਂਟ ਤੇ 18 ਹਿੱਪ ਰਿਪਲੇਸਮੈਂਟ ਸਰਜਰੀਆਂ ਸਫਲਤਾਪੂਰਵਕ ਕੀਤੀਆਂ ਜਾ ਚੁੱਕੀਆਂ ਹਨ। ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇੱਕ ਹਾਦਸੇ ਤੋਂ ਬਾਅਦ ਤੀਰਥ ਸਿੰਘ ਦੀ ਹਾਲਤ ਕਾਫ਼ੀ ਗੰਭੀਰ ਹੋ ਗਈ ਸੀ ਤੇ ਉਹ ਪਿਛਲੇ ਦੋ ਸਾਲਾਂ ਤੋਂ ਬੈੱਡ ਤੇ ਰਹਿਣ ਲਈ ਮਜਬੂਰ ਸੀ। ਰੋਜ਼ਾਨਾ ਦੇ ਛੋਟੇ ਤੋਂ ਛੋਟੇ ਕੰਮਾਂ ਲਈ ਵੀ ਉਹ ਪੂਰੀ ਤਰ੍ਹਾਂ ਆਪਣੇ ਪਰਿਵਾਰਕ ਮੈਂਬਰਾਂ ਤੇ ਨਿਰਭਰ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਡਾ. ਅਮਨਦੀਪ ਸਿੰਘ ਵੱਲੋਂ ਹੀ ਉਸ ਦਾ ਖੱਬਾ ਹਿੱਪ ਰਿਪਲੇਸਮੈਂਟ ਕੀਤਾ ਗਿਆ ਸੀ ਤੇ ਹੁਣ ਤਿੰਨ ਮਹੀਨੇ ਬਾਅਦ ਉਸੇ ਮਰੀਜ਼ ਦਾ ਸੱਜਾ ਹਿੱਪ ਵੀ ਡਾ. ਅਮਨਦੀਪ ਸਿੰਘ ਵੱਲੋਂ ਸਫਲਤਾਪੂਰਵਕ ਰਿਪਲੇਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਰਜਰੀ ਤੋਂ ਬਾਅਦ ਮਰੀਜ਼ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਹੋਇਆ ਹੈ। ਹੁਣ ਉਹ ਆਪਣੇ ਦੋਵੇਂ ਗੋਡੇ ਮੋੜ ਸਕਦਾ ਹੈ ਤੇ ਆਪ ਚੱਲ ਕੇ ਬਾਥਰੂਮ ਤੱਕ ਜਾਣ ਦੇ ਯੋਗ ਹੋ ਗਿਆ ਹੈ। ਮਰੀਜ਼ ਦੀ ਇਸ ਤੇਜ਼ੀ ਨਾਲ ਹੋ ਰਹੀ ਰਿਕਵਰੀ ਨੂੰ ਉਸ ਦੇ ਪਰਿਵਾਰ ਵੱਲੋਂ ਵੀ ਤਸੱਲੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਮਰੀਜ਼ ਦੇ ਪਰਿਵਾਰਕ ਮੈਂਬਰਾਂ ਨੇ ਡਾ. ਅਮਨਦੀਪ ਸਿੰਘ ਅਤੇ ਸਮੁੱਚੀ ਮੈਡੀਕਲ ਟੀਮ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਰਕਾਰੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲੀਆਂ ਇਲਾਜ ਅਤੇ ਸਰਜਰੀ ਦੀਆਂ ਸਹੂਲਤਾਂ ਤੋਂ ਉਹ ਸੰਤੁਸ਼ਟ ਹਨ। ਇਸ ਮੌਕੇ ਡਾ. ਸੁਰਿੰਦਰ, ਡਾ. ਅੰਨੂ ਪ੍ਰੀਯਾ, ਸਟਾਫ ਮੈਂਬਰ ਜਸਵਿੰਦਰ ਕੌਰ, ਇਕਵਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫ਼ਸਰ ਸ਼ਰਨਦੀਪ ਸਿੰਘ, ਸੁਪਰਡੈਂਟ ਰਾਮ ਅਵਤਾਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।