ਰਵੀ ਕਤਲ ਮਾਮਲੇ ’ਚ ਦੋ ਹੋਰ ਵਿਅਕਤੀ ਕੀਤੇ ਕਾਬੂ
ਸੁਭਾਨਪੁਰ ਪੁਲਿਸ ਨੇ ਕਤਲ ਮਾਮਲੇ ਵਿੱਚ ਦੋ ਵਿਅਕਤੀ ਹੋਰ ਕੀਤੇ ਕਾਬੂ
Publish Date: Thu, 26 Mar 2026 09:55 PM (IST)
Updated Date: Thu, 26 Mar 2026 09:59 PM (IST)

--ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਹਾਈਵੇ ਜਾਮ ਦੀਆਂ ਤਿਆਰੀਆਂ ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ ਕਪੂਰਥਲਾ : ਨੇੜਲੇ ਪਿੰਡ ਜੱਗਾ ਦੇ ਵਸਨੀਕ ਮ੍ਰਿਤਕ ਨੌਜਵਾਨ ਦੇ ਕਤਲ ਮਾਮਲੇ ਵਿਚ ਸੁਭਾਨਪੁਰ ਪੁਲਿਸ ਨੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੰਘਰਸ਼ ਅੱਗੇ ਝੁਕਦਿਆਂ ਦੋ ਹੋਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਉਧਰ ਪੀੜਤ ਪਰਿਵਾਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਥਾਣੇ ਅੱਗੇ ਚਲਾਏ ਜਾ ਰਹੇ ਦਿਨ-ਰਾਤ ਦੇ ਧਰਨੇ ਉੱਤੇ ਡਟਿਆ ਹੋਇਆ ਹੈ। ਉੱਧਰ ਪੀੜਤ ਪਰਿਵਾਰ ਨੂੰ ਗਾਲ੍ਹਾਂ ਕੱਢਣ ਤੇ ਧਮਕੀਆਂ ਦੇਣ ਦੀ ਮ੍ਰਿਤਕ ਰਵੀ ਕੁਮਾਰ ਦੀ ਪਤਨੀ ਪੂਜਾ ਦੀ ਦਰਖ਼ਾਸਤ ਸਬੰਧੀ ਦੂਜੀ ਧਿਰ ਨੂੰ ਥਾਣਾ ਮੁਖੀ ਹਰਜਿੰਦਰ ਸਿੰਘ ਨੇ ਥਾਣੇ ਤਲਬ ਕੀਤਾ ਤਾਂ ਉਸ ਵਿਅਕਤੀ ਜਗਮੀਤ ਸਿੰਘ ਉਰਫ਼ ਗੱਗੀ ਹਮੀਰਾ ਵੱਲੋਂ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਪਰਮਜੀਤ ਸਿੰਘ ਬਾਊਪੁਰ ਤੇ ਨਿਸ਼ਾਨ ਸਿੰਘ ਆਦਿ ਮੋਹਤਬਰਾਂ ਦੀ ਹਾਜ਼ਰੀ ਵਿਚ ਕੀਤੀ ਗ਼ਲਤੀ ਦਾ ਲਿਖ਼ਤੀ ਤੌਰ ਤੇ ਅਹਿਸਾਸ ਕਰਦੇ ਹੋਏ ਭਵਿੱਖ ਵਿਚ ਪੀੜਤ ਪਰਿਵਾਰ ਨਾਲ ਕੋਈ ਵੀ ਵਧੀਕੀ ਨਾ ਕਰਨ ਦਾ ਇਕਰਾਰ ਕੀਤਾ ਗਿਆ, ਜਿਸ ਉੱਤੇ ਪੀੜਤ ਪਰਿਵਾਰ ਨੇ ਤਸੱਲੀ ਪ੍ਰਗਟ ਕੀਤੀ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਬਾਊਪੁਰ ਤੇ ਨਿਸ਼ਾਨ ਸਿੰਘ ਆਦਿ ਨੇ ਧਰਨਾ ਸਥਾਨ ਉੱਤੇ ਪੁੱਜ ਕੇ ਯੂਨੀਅਨ ਆਗੂਆਂ ਅਤੇ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟ ਵੀ ਕੀਤੀ। ਯੂਨੀਅਨ ਆਗੂਆਂ ਕਿਹਾ ਕਿ ਹਮਲਾਵਰਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ। ਪੇਂਡੂ ਮਜ਼ਦੂਰ ਆਗੂਆਂ ਨੇ ਮ੍ਰਿਤਕ ਰਵੀ ਦੇ ਪਰਿਵਾਰ ਨੂੰ ਦਲਿਤ ਅੱਤਿਆਚਾਰ ਰੋਕੂ ਕਾਨੂੰਨ ਤਹਿਤ ਬਣਦਾ ਮੁਆਵਜ਼ਾ ਤੁਰੰਤ ਦੇਣ ਦੀ ਮੰਗ ਕੀਤੀ ਹੈ ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਨਹੀਂ ਤਾਂ 28 ਮਾਰਚ ਨੂੰ ਸੜਕ ਜਾਮ ਕਰਨ ਲਈ ਮਜ਼ਬੂਰ ਹੋਵਾਂਗੇ। ਅੱਜ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਘੁੱਗਸ਼ੋਰ, ਯੂਥ ਵਿੰਗ ਦੇ ਆਗੂ ਗੁਰਪ੍ਰੀਤ ਸਿੰਘ ਚੀਦਾ, ਤਹਿਸੀਲ ਆਗੂ ਬਲਬੀਰ ਸਿੰਘ ਧੀਰਪੁਰ ਤੋਂ ਇਲਾਵਾ ਲਾਡੀ ਜੱਗਾ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।