ਟ੍ਰਾਂਸਜੈਂਡਰ ਪ੍ਰੋਟੈਕਸ਼ਨ ਰਾਈਟਸ ਐਕਟ ਬਾਰੇ ਕੀਤਾ ਜਾਗਰੂਕ
ਵਿਦਿਆਰਥੀਆਂ ਨੂੰ ਟ੍ਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਰਾਈਟਸ ਐਕਟ,2019 ਬਾਰੇ ਕੀਤਾ ਜਾਗਰੂਕ
Publish Date: Fri, 30 Oct 2026 07:34 PM (IST)
Updated Date: Fri, 30 Oct 2026 07:37 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਕਪੂਰਥਲਾ ਵਿਖੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਅੰਮ੍ਰਿਤਸਰ ਦੇ ਹੁਕਮਾਂ ਅਨੁਸਾਰ ਪ੍ਰਿੰਸੀਪਲ ਡਾਕਟਰ ਜਸਮੀਤ ਸੇਠੀ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੂੰ ਟ੍ਰਾਂਸਜੈਂਡਰ ਲੋਕਾਂ ਦੇ ਹੱਕਾਂ ਦੀ ਰਾਖੀ ਲਈ ਬਣਾਏ ਗਏ ਟ੍ਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਰਾਈਟਸ ਐਕਟ, 2019 ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਪ੍ਰੋਫੈਸਰ ਪ੍ਰੀਤੀ ਨੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਟਰਾਂਸਜੈਂਡਰ ਲੋਕਾਂ ਨਾਲ ਸਦੀਆਂ ਤੋਂ ਭੇਦਭਾਵ ਕੀਤਾ ਗਿਆ ਹੈ ਪ੍ਰੰਤੂ 2018 ਵਿੱਚ ਅਦਾਲਤ ਦੇ ਆਏ ਫੈਸਲੇ ਅਨੁਸਾਰ ਕਾਨੂੰਨ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਹੈ ਕਿ ਟਰਾਂਸਜੈਂਡਰ ਲੋਕਾਂ ਨਾਲ ਕਿਸੇ ਵੀ ਕਿਸਮ ਦਾ ਭੇਦ ਭਾਵ ਅਨਿਆਪੂਰਨ ਹੈ ਤੇ ਉਨ੍ਹਾਂ ਨੂੰ ਵੀ ਹਰ ਕਿਸਮ ਦਾ ਬਰਾਬਰੀ ਦੇ ਮੌਕਿਆਂ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਇਸ ਲਈ ਸਕੂਲਾਂ ਤੇ ਕਾਲਜਾਂ ਦੇ ਵਿੱਚ ਪੜਨ ਵਾਲੇ ਟਰਾਂਸਜੈਂਡਰ ਵਿਦਿਆਰਥੀਆਂ ਨਾਲ ਕਿਸੇ ਵੀ ਕਿਸਮ ਦਾ ਭੇਦਭਾਵ ਨਹੀਂ ਹੋਣਾ ਚਾਹੀਦਾ। ਇਸ ਮੌਕੇ ਪ੍ਰੋ. ਗੁਰਪ੍ਰੀਤ ਕੌਰ ਚੌਹਾਨ, ਪ੍ਰੋ. ਮਲਿਕਾ ਤੇ ਵਿਦਿਆਰਥੀ ਹਾਜ਼ਰ ਸਨ।