ਜਦੋਂ ਭੂਟਾਨੀ ਕਲੋਨੀ ’ਚ ਸ਼ਰਾਬ ਪੀ ਕੇ ਲੜਦੇ ਰਹੇ ਵਿਦਿਆਰਥੀ
ਮਹੇੜੂ ਦੀ ਮਸ਼ਹੂਰ ਭੂਟਾਨੀ ਕਲੋਨੀ ਵਿਖੇ ਦਿਨ ਭਰ ਸ਼ਰਾਬ ਪੀ ਕੇ ਲੜਦੇ ਰਹੇ ਵਿਿਦਆਰਥੀ
Publish Date: Sat, 12 Sep 2026 07:24 PM (IST)
Updated Date: Sat, 12 Sep 2026 07:26 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਮਹੇੜੂ ਦੀ ਮਸ਼ਹੂਰ ਭੂਟਾਨੀ ਕਲੋਨੀ ਵਿਖੇ ਬੀਤੇ ਦਿਨ ਉਸ ਸਮੇਂ ਮਾਹੌਲ ਤਣਾਅਪੂਰਨ ਬਣ ਗਿਆ, ਜਦੋਂ ਸਥਾਨਕ ਇੱਕ ਯੂਨੀਵਰਸਿਟੀ ਦੇ ਕੁਝ ਵਿਦਿਆਰਥੀ ਕਥਿਤ ਤੌਰ ’ਤੇ ਦਿਨ ਭਰ ਸ਼ਰਾਬ ਪੀ ਕੇ ਆਪਸ ਵਿੱਚ ਲੜਦੇ ਰਹੇ। ਇਸ ਦੌਰਾਨ ਕਲੋਨੀ ਦੇ ਲੋਕ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਦੇਖਦੇ ਰਹੇ। ਜਾਣਕਾਰੀ ਅਨੁਸਾਰ ਵਿਦਿਆਰਥੀ ਕਦੇ ਆਪਸ ਵਿੱਚ ਲੜਦੇ ਤੇ ਕੁਝ ਸਮੇਂ ਬਾਅਦ ਟਹਿਲਦੇ-ਟਹਿਲਦੇ ਸ਼ਰਾਬ ਦੇ ਠੇਕੇ ਵੱਲ ਚਲੇ ਜਾਂਦੇ ਸਨ। ਕੁਝ ਦੇਰ ਬਾਅਦ ਮੁੜ ਵਾਪਸ ਆ ਕੇ ਆਪਸ ਵਿੱਚ ਦੋਸਤੀ ਕਰ ਲੈਂਦੇ ਤੇ ਫਿਰ ਕਿਸੇ ਗੱਲ ਨੂੰ ਲੈ ਕੇ ਤਕਰਾਰ ਸ਼ੁਰੂ ਹੋ ਜਾਂਦੀ। ਇਸ ਕਾਰਨ ਕਲੋਨੀ ਵਿੱਚ ਰਹਿਣ ਵਾਲੇ ਲੋਕਾਂ ਵਿੱਚ ਵੀ ਚਿੰਤਾ ਦਾ ਮਾਹੌਲ ਬਣ ਗਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਮਹੇੜੂ ਕਲੋਨੀ ਦਾ ਮਾਹੌਲ ਦਿਨੋਂ-ਦਿਨ ਬਦਤਰ ਹੁੰਦਾ ਜਾ ਰਿਹਾ ਹੈ। ਲੋਕਾਂ ਨੂੰ ਆਪਣੇ ਘਰਾਂ ਦੇ ਆਸ-ਪਾਸ ਅਜਿਹੀਆਂ ਘਟਨਾਵਾਂ ਕਾਰਨ ਸੁਰੱਖਿਆ ਨੂੰ ਲੈ ਕੇ ਚਿੰਤਾ ਰਹਿੰਦੀ ਹੈ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਲੋਨੀ ਵਿੱਚ ਗਸ਼ਤ ਵਧਾਈ ਜਾਵੇ ਤੇ ਸ਼ਰਾਬ ਪੀ ਕੇ ਜਨਤਕ ਥਾਵਾਂ ’ਤੇ ਹੰਗਾਮਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਮਹੇੜੂ ਕਲੋਨੀ ਦੇ ਵਿਗੜ ਰਹੇ ਮਾਹੌਲ ਨੂੰ ਸੁਧਾਰਨ ਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀ ਕਦਮ ਚੁੱਕੇ ਜਾਂਦੇ ਹਨ।