ਅਕਾਲ ਅਕੈਡਮੀ ਦੇ ਬੱਚਿਆਂ ਸ੍ਰੀ ਬੇਰ ਸਾਹਿਬ ਦੇ ਦਰਸ਼ਨ ਕੀਤੇ ਅਕਾਲ ਅਕੈਡਮੀ ਦੇ ਬੱਚਿਆਂ ਨੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਅਤੇ ਹੱਟ ਸਾਹਿਬ ਦੇ ਦਰਸ਼ਨ ਕੀਤੇ
Publish Date: Sun, 22 Nov 2026 07:09 PM (IST)
Updated Date: Sun, 22 Nov 2026 07:10 PM (IST)
ਲਖਵੀਰ ਸਿੰਘ ਲੱਖੀ, ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਅਕਾਲ ਅਕੈਡਮੀ ਇੰਟਰਨੈਸ਼ਨਲ ਦੇ ਬੱਚਿਆਂ ਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਨਤਮਸਤਕ ਕਰਵਾਇਆ ਗਿਆ। ਸਿੱਖ ਧਰਮ ਦੇ ਮੋਢੀ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਮੌਕੇ ਉਨ੍ਹਾਂ ਦੇ ਜੀਵਨ, ਗੁਰਬਾਣੀ ਤੇ ਵਿਚਾਰਧਾਰਾ ਤੋਂ ਜਾਣੂ ਕਰਵਾਉਣ ਲਈ ਅਕਾਲ ਅਕੈਡਮੀ ਦੇ ਪ੍ਰਿੰਸੀਪਲ ਗਗਨਦੀਪ ਕੌਰ ਵੱਲੋਂ ਸਕੂਲ ਦੇ ਯੂਕੇਜੀ ਤੇ ਪਹਿਲੀ ਕਲਾਸ ਦੇ ਬੱਚਿਆਂ ਨੂੰ ਗੁਰੂਦੁਆਰਾ ਸ੍ਰੀ ਬੇਰ ਸਾਹਿਬ ਤੇ ਹੱਟ ਸਾਹਿਬ ਦੇ ਦਰਸ਼ਨ ਕਰਵਾਏ ਗਏ ਤੇ ਇਥੋਂ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਗਿਆ, ਉਪਰੰਤ ਬੱਚਿਆਂ ਨੇ ਲੰਗਰ ਛਕਿਆ। ਇਸ ਮੌਕੇ ਬੱਚਿਆਂ ਨਾਲ ਗਏ ਅਧਿਆਪਕਾਂ ਨੇ ਬੱਚਿਆਂ ਨੂੰ ਦੱਸਿਆ ਕਿ ਸੁਲਤਾਨਪੁਰ ਲੋਧੀ ਨੂੰ ਗੁਰੂ ਦੀ ਨਗਰੀ ਇਸੇ ਕਰਕੇ ਕਿਹਾ ਜਾਦਾਂ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਜ਼ਿਆਦਾ ਸਮਾਂ ਸੁਲਤਾਨਪੁਰ ਲੋਧੀ ਵਿੱਚ ਰਹਿ ਕੇ ਬਤੀਤ ਕੀਤਾ ਤੇ ਸਭ ਨੂੰ ਕਿਰਤ ਕਰਨ, ਜਪ ਕਰਨ ਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੀ ਛੋਹ ਪ੍ਰਾਪਤ ਪੱਥਰ ਜੋ ਗੁਰਦੁਆਰਾ ਹੱਟ ਸਾਹਿਬ ਵਿਖੇ ਸ਼ੁਸ਼ੋਭਿਤ ਹਨ, ਦੇ ਵੀ ਦਰਸ਼ਨ ਕਰਵਾਏ। ਪ੍ਰਿੰਸੀਪਲ ਗਗਨਦੀਪ ਕੌਰ ਨੇ ਕਿਹਾ ਕਿ ਛੋਟੀਆਂ ਕਲਾਸਾਂ ਤੋਂ ਹੀ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੇ ਯਤਨ ਕੀਤੇ ਜਾਣੇ ਚਾਹੀਦੇ ਹਨ। ਇਸ ਮੌਕੇ ਬੱਚਿਆਂ ਨਾਲ ਕੋ-ਆਰਡੀਨੇਟਰ ਜਗਪ੍ਰੀਤ ਕੌਰ, ਅਧਿਆਪਕ ਸੋਨੀਆ ਅਰੋੜਾ, ਸੁਪਿੰਦਰਜੀਤ ਕੌਰ, ਪ੍ਰਵੀਨ ਨਰੂਲਾ, ਹੀਨਾ, ਸਰਬਜੀਤ ਕੌਰ, ਸ਼ਿਵੀ ਆਦਿ ਹਾਜ਼ਰ ਸਨ।