ਕੌਮੀ ਰਾਜਮਾਰਗ ਬੰਦ, ਵਾਹਨ ਚਾਲਕ ਹੋਏ ਖੱਜਲ-ਖੁਆਰ ਐਲਪੀਯੂ ਨੇੜੇ ਵਿਿਦਆਰਥੀਆਂ ਵੱਲੋਂ ਕੌਮੀ ਰਾਜਮਾਰਗ ਬੰਦ, ਫਗਵਾੜਾ ਵਿੱਚ ਆਵਾਜਾਈ ਹੋਈ ਬੁਰੀ ਤਰ੍ਹਾਂ ਪ੍ਰਭਾਵਿਤ
Publish Date: Sun, 27 Sep 2026 08:57 PM (IST)
Updated Date: Sun, 27 Sep 2026 09:00 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐੱਲਪੀਯੂ) ਫਗਵਾੜਾ ਨੇੜੇ ਵਿਦਿਆਰਥੀਆਂ ਵੱਲੋਂ ਕੌਮੀ ਰਾਜਮਾਰਗ ਬੰਦ ਕੀਤੇ ਜਾਣ ਦਾ ਅਸਰ ਫਗਵਾੜਾ ਸ਼ਹਿਰ ਵਿੱਚ ਵੀ ਸਪੱਸ਼ਟ ਤੌਰ ’ਤੇ ਦੇਖਣ ਨੂੰ ਮਿਲਿਆ। ਕੌਮੀ ਰਾਜਮਾਰਗ ’ਤੇ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੁਧਿਆਣਾ ਤੋਂ ਜਲੰਧਰ ਵੱਲ ਜਾਣ ਵਾਲੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਤੇ ਵਾਹਨ ਚਾਲਕਾਂ ਨੂੰ ਕਾਫੀ ਸਮੇਂ ਤੱਕ ਟ੍ਰੈਫਿਕ ਵਿੱਚ ਫਸ ਕੇ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਟ੍ਰੈਫਿਕ ਜਾਮ ਤੋਂ ਬਚਣ ਲਈ ਕਈ ਵਾਹਨ ਚਾਲਕਾਂ ਨੇ ਜਲਦੀ ਆਪਣੀ ਮੰਜ਼ਿਲ ਤੱਕ ਪਹੁੰਚਣ ਦੇ ਚੱਕਰ ਵਿੱਚ ਲਿੰਕ ਸੜਕਾਂ ਦਾ ਰੁਖ ਕੀਤਾ, ਪਰ ਇਨ੍ਹਾਂ ਸੜਕਾਂ ’ਤੇ ਵੀ ਵਾਹਨਾਂ ਦੀ ਗਿਣਤੀ ਵਧਣ ਕਾਰਨ ਹਾਲਾਤ ਹੋਰ ਪੇਚੀਦਾ ਹੋ ਗਏ। ਕਈ ਥਾਵਾਂ ’ਤੇ ਵਾਹਨ ਫਸ ਜਾਣ ਕਾਰਨ ਲਿੰਕ ਸੜਕਾਂ ’ਤੇ ਵੀ ਆਵਾਜਾਈ ਪ੍ਰਭਾਵਿਤ ਹੋਈ। ਕੌਮੀ ਰਾਜਮਾਰਗ ਦੇ ਨਾਲ-ਨਾਲ ਸ਼ਹਿਰ ਦੀਆਂ ਅੰਦਰੂਨੀ ਸੜਕਾਂ ’ਤੇ ਵੀ ਵਾਹਨਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ। ਇਸ ਕਾਰਨ ਆਮ ਸ਼ਹਿਰ ਵਾਸੀਆਂ ਨੂੰ ਵੀ ਆਪਣੇ ਰੋਜ਼ਾਨਾ ਕੰਮਕਾਜ ਲਈ ਆਉਣ-ਜਾਣ ਦੌਰਾਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕਈ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਆਮ ਨਾਲੋਂ ਕਾਫੀ ਵੱਧ ਸਮਾਂ ਲੱਗਿਆ। ਕੌਮੀ ਰਾਜਮਾਰਗ ’ਤੇ ਲੱਗੇ ਲੰਬੇ ਜਾਮ ਕਾਰਨ ਫਗਵਾੜਾ ਵਿੱਚ ਦਿਨ ਭਰ ਆਵਾਜਾਈ ਦਾ ਦਬਾਅ ਬਣਿਆ ਰਿਹਾ। ਵਾਹਨ ਚਾਲਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਜਿਹੇ ਹਾਲਾਤਾਂ ਵਿੱਚ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਦਲਵੇਂ ਰੂਟਾਂ ਤੇ ਟ੍ਰੈਫਿਕ ਪ੍ਰਬੰਧਾਂ ਨੂੰ ਪਹਿਲਾਂ ਤੋਂ ਯਕੀਨੀ ਬਣਾਇਆ ਜਾਵੇ, ਤਾਂ ਜੋ ਆਮ ਲੋਕਾਂ ਨੂੰ ਬੇਵਜ੍ਹਾ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।