ਆਈਕੇਜੀ ਪੀਟੀਯੂ ਨੇ ਨਵੇਂ ਵਿਦਿਆਰਥੀਆਂ ਦਾ ਕੀਤਾ ਸ਼ਾਨਦਾਰ ਸਵਾਗਤ ਆਈ.ਕੇ.ਜੀ ਪੀ.ਟੀ.ਯੂ ਵਿਖੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 2026 ਸਫ਼ਲਤਾਪੂਰਵਕ ਸੰਪੰਨ, ਟੀਮ ਵਰਕ ਦੇ ਸੁਨੇਹੇ ਨਾਲ ਹੋਈ ਸਮਾਪਤੀ
Publish Date: Mon, 31 Aug 2026 08:04 PM (IST)
Updated Date: Mon, 31 Aug 2026 08:07 PM (IST)
-ਵਿਦਿਆਰਥੀਆਂ ਨੂੰ ਸਖ਼ਸ਼ੀਅਤ ਵਿਕਸਤ ਕਰਨ ਦੀ ਪ੍ਰੇਰਨਾ ਦਿੱਤੀ -ਟੀਮ ਵਰਕ ਦੇ ਸੁਨੇਹੇ ਨਾਲ ਹੋਈ ਪ੍ਰੋਗਰਾਮ ਦੀ ਸਮਾਪਤੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀ ਪੀਟੀਯੂ), ਕਪੂਰਥਲਾ ਕੈਂਪਸ ਵਿਖੇ ਨਵੇਂ ਦਾਖ਼ਲ ਹੋਏ ਬੈਚ 2026–27 ਦੇ ਵਿਦਿਆਰਥੀਆਂ ਲਈ ਆਯੋਜਿਤ ਤਿੰਨ ਹਫ਼ਤਿਆਂ ਦੇ ਸਟੂਡੈਂਟ ਇੰਡਕਸ਼ਨ ਪ੍ਰੋਗਰਾਮ (ਐੱਸਆਈਪੀ) 2026 ਦਾ ਸਮਾਪਤੀ ਸਮਾਰੋਹ 31 ਅਗਸਤ 2026 ਨੂੰ ਕਰਵਾਇਆ ਗਿਆ। ਸਟੂਡੈਂਟ ਇੰਡਕਸ਼ਨ ਪ੍ਰੋਗਰਾਮ 10 ਤੋਂ 31 ਅਗਸਤ 2026 ਤੱਕ ਆਯੋਜਿਤ ਕੀਤਾ ਗਿਆ, ਜਿਸ ਵਿੱਚ ਲਗਭਗ 600 ਨਵੇਂ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਅਕਾਦਮਿਕ, ਸਹਿ-ਪਾਠਕ੍ਰਮ, ਸੱਭਿਆਚਾਰਕ, ਮੁੱਲ-ਆਧਾਰਿਤ ਤੇ ਸ਼ਖ਼ਸੀਅਤ ਵਿਕਾਸ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਸਮਾਗਮ ਵਿੱਚ ਡਾ. ਨਵਦੀਪਕ ਸੰਧੂ ਰਜਿਸਟਰਾਰ, ਡਾ. ਯਦਵਿੰਦਰ ਸਿੰਘ ਬਰਾੜ ਡੀਨ ਅਕਾਦਮਿਕਸ, ਡਾ. ਸਤਵੀਰ ਸਿੰਘ, ਡੀਨ ਸਟੂਡੈਂਟ ਵੈੱਲਫੇਅਰ, ਯੂਨੀਵਰਸਿਟੀ ਦੇ ਅਧਿਆਪਕ, ਅਧਿਕਾਰੀ, ਵਲੰਟੀਅਰ ਤੇ ਨਵੇਂ ਦਾਖ਼ਲ ਹੋਏ ਵਿਦਿਆਰਥੀ ਹਾਜ਼ਰ ਰਹੇ। ਡਾ. ਯਦਵਿੰਦਰ ਸਿੰਘ ਬਰਾੜ ਡੀਨ ਅਕਾਦਮਿਕਸ ਨੇ ਆਪਣੇ ਉਦਘਾਟਨੀ ਸੰਬੋਧਨ ਵਿੱਚ ਵਿਦਿਆਰਥੀਆਂ ਨੂੰ ਤਿੰਨ ਹਫ਼ਤਿਆਂ ਦਾ ਐੱਸਆਈਪੀ ਸਫਲਤਾਪੂਰਵਕ ਪੂਰਾ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਯੂਨੀਵਰਸਿਟੀ ਜੀਵਨ ਵਿੱਚ ਸਿੱਖਣ, ਭਾਗੀਦਾਰੀ ਤੇ ਲਗਾਤਾਰ ਸਵੈ-ਵਿਕਾਸ ਦੇ ਮੌਕਿਆਂ ਦਾ ਪੂਰਾ ਲਾਭ ਲੈਣ ਲਈ ਪ੍ਰੇਰਿਤ ਕੀਤਾ। ਡਾ. ਸਤਵੀਰ ਸਿੰਘ, ਡੀਨ ਸਟੂਡੈਂਟ ਵੈੱਲਫੇਅਰ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਤੇ ਕੈਂਪਸ ਜੀਵਨ ਵਿੱਚ ਸਰਗਰਮ ਭਾਗੀਦਾਰੀ, ਸਿਹਤਮੰਦ ਸੰਵਾਦ ਤੇ ਸੰਬੰਧਾਂ, ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਸ਼ਮੂਲੀਅਤ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੀ ਮਹੱਤਤਾ ਉਜਾਗਰ ਕੀਤੀ। ਵੈਲੇਡਿਕਟਰੀ ਸੰਬੋਧਨ ਦੌਰਾਨ ਡਾ. ਨਵਦੀਪਕ ਸੰਧੂ, ਰਜਿਸਟਰਾਰ ਨੇ ਵਿਦਿਆਰਥੀਆਂ ਨਾਲ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ ਤੇ ਉਨ੍ਹਾਂ ਨੂੰ ਆਪਣੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ ਅਕਾਦਮਿਕ ਉਪਲਬਧੀਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਸਹਿ-ਪਾਠਕ੍ਰਮ ਗਤੀਵਿਧੀਆਂ, ਆਪਸੀ ਸੰਚਾਰ ਕੌਸ਼ਲ, ਮੁੱਲਾਂ, ਆਤਮ-ਵਿਸ਼ਵਾਸ ਤੇ ਸ਼ਖ਼ਸੀਅਤ ਦੇ ਹੋਰ ਸਾਰੇ ਪੱਖਾਂ ਦੇ ਵਿਕਾਸ ਵੱਲ ਵੀ ਬਰਾਬਰ ਧਿਆਨ ਦੇਣਾ ਚਾਹੀਦਾ ਹੈ। ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਆਪਣੇ ਅਨੁਭਵ ਸਾਂਝੇ ਕੀਤੇ ਗਏ, ਐੱਸਆਈਪੀ ਬਾਰੇ ਡਾਕੂਮੈਂਟਰੀ ਦਿਖਾਈ ਗਈ, ਸੱਭਿਆਚਾਰਕ ਪੇਸ਼ਕਾਰੀਆਂ ਹੋਈਆਂ, ਸਮੂਹ ਤਸਵੀਰਾਂ ਖਿੱਚੀਆਂ ਗਈਆਂ ਤੇ ਧੰਨਵਾਦ ਮਤਾ ਪੇਸ਼ ਕੀਤਾ ਗਿਆ। ਸਮਾਗਮ ਦਾ ਸਮਾਪਨ ਰਾਸ਼ਟਰੀ ਗੀਤ ਨਾਲ ਹੋਇਆ। ਇਸ ਪ੍ਰੋਗਰਾਮ ਦੀ ਸਫਲ ਸਮਾਪਤੀ ਵਿਦਿਆਰਥੀਆਂ ਦੀ ਯੂਨੀਵਰਸਿਟੀ ਯਾਤਰਾ ਵਿੱਚ ਸਰਵਪੱਖੀ ਵਿਕਾਸ, ਜ਼ਿੰਮੇਵਾਰ ਭਾਗੀਦਾਰੀ ਤੇ ਜੀਵਨ ਲਈ ਤਿਆਰੀ ਵੱਲ ਇੱਕ ਮਹੱਤਵਪੂਰਨ ਸ਼ੁਰੂਆਤ ਦਾ ਪ੍ਰਤੀਕ ਰਹੀ। ਇਹ ਪੂਰਾ ਤਿੰਨ ਹਫ਼ਤੇ ਦਾ ਪ੍ਰੋਗਰਾਮ ਅਕਾਦਮਿਕ ਵਿਭਾਗ (ਐਡਮਿਸ਼ਨ ਸੈਲ), ਜਤਿੰਦਰ ਨਰੂਲਾ (ਪਰੋਗ੍ਰਾਮਰ ਯੂਐੱਚਵੀ ਵਿਭਾਗ) ਤੇ ਉਨ੍ਹਾਂ ਦੀ ਟੀਮ ਦੇ ਸਮਰਪਿਤ ਸਹਿਯੋਗ ਨਾਲ ਕਾਮਯਾਬ ਹੋਇਆ।