ਪਰਾਲੀ ਨਾਲ ਭਰੀ ਟਰਾਲੀ ਬਣੀ ਜਾਨ ਦਾ ਖੌਅ ਪਰਾਲੀ ਨਾਲ ਭਰੀ ਟਰਾਲੀ ਬਣੀ ਜਾਨ ਦਾ ਖੌਅ, ਲੰਿਕ ਸੜਕ ’ਤੇ ਲੱਗੀਆਂ ਵਾਹਨਾਂ ਦੀਆਂ ਲੰਮੀਆਂ ਕਤਾਰਾਂ
Publish Date: Thu, 24 Sep 2026 08:49 PM (IST)
Updated Date: Thu, 24 Sep 2026 08:51 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਤੋਂ ਗੁਰਾਇਆ ਨੂੰ ਜਾਣ ਵਾਲੀ ਲਿੰਕ ਸੜਕ ’ਤੇ ਪਰਾਲੀ ਨਾਲ ਬੁਰੀ ਤਰ੍ਹਾਂ ਭਰੀ ਹੋਈ ਇੱਕ ਟਰਾਲੀ ਨੇ ਪੂਰਾ ਰਸਤਾ ਘੇਰ ਲਿਆ, ਜਿਸ ਕਾਰਨ ਆਉਣ-ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਵੇਰੇ ਸਕੂਲਾਂ ਵਿੱਚ ਬੱਚਿਆਂ ਨੂੰ ਛੱਡਣ ਜਾਣ ਦੇ ਸਮੇਂ ਦੌਰਾਨ ਇਸ ਟਰਾਲੀ ਕਾਰਨ ਸੜਕ ’ਤੇ ਆਵਾਜਾਈ ਪ੍ਰਭਾਵਿਤ ਹੋਈ ਤੇ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਚਾਚੋਕੀ ਤੋਂ ਸੰਪੂਰਨਾ ਫੀਡ ਤੱਕ ਪਰਾਲੀ ਨਾਲ ਓਵਰਲੋਡ ਹੋ ਕੇ ਜਾ ਰਹੀ ਟਰਾਲੀ ਦੇ ਪਿੱਛੇ ਕਾਫ਼ੀ ਸਮੇਂ ਤੱਕ ਵਾਹਨਾਂ ਦੀਆਂ ਲਾਈਨਾਂ ਲੱਗੀਆਂ ਰਹੀਆਂ। ਇਸ ਦੌਰਾਨ ਦੋਵੇਂ ਪਾਸਿਆਂ ਤੋਂ ਆਉਣ-ਜਾਣ ਵਾਲੇ ਵਾਹਨ ਚਾਲਕਾਂ ਨੂੰ ਰਸਤਾ ਕੱਢਣ ਵਿੱਚ ਮੁਸ਼ਕਲ ਆਈ। ਖਾਸ ਕਰਕੇ ਸਕੂਲੀ ਬੱਚਿਆਂ ਨੂੰ ਛੱਡਣ ਜਾ ਰਹੇ ਮਾਪਿਆਂ ਤੇ ਹੋਰ ਰਾਹਗੀਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ। ਜਦੋਂ ਇਹ ਟਰਾਲੀ ਲਿੰਕ ਸੜਕ ਤੋਂ ਕੌਮੀ ਰਾਜ ਮਾਰਗ ’ਤੇ ਪਹੁੰਚੀ ਤਾਂ ਜਾ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੜਕ ਦੀ ਸਮਰੱਥਾ ਤੋਂ ਵੱਧ ਪਰਾਲੀ ਲੱਦ ਕੇ ਆਵਾਜਾਈ ਕਰਨਾ ਨਾ ਸਿਰਫ਼ ਟ੍ਰੈਫਿਕ ਵਿੱਚ ਵਿਘਨ ਪੈਦਾ ਕਰਦਾ ਹੈ, ਸਗੋਂ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਤੋਂ ਮੰਗ ਕੀਤੀ ਹੈ ਕਿ ਅਜਿਹੇ ਵਾਹਨਾਂ ’ਤੇ ਨਜ਼ਰ ਰੱਖੀ ਜਾਵੇ ਤੇ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ, ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।