ਮਾਨ ਸਰਕਾਰ ਬਦਲੇ ਦੀ ਭਾਵਨਾ ਨਾਲ ਕੰਮ ਕਰ ਰਹੀ ਸਾਥੀ ਸੁਖਚੈਨ ਸਿੰਘ ਖਹਿਰਾ ਦੀ ਸਕੱਤਰੇਤ ਤੋਂ ਕੀਤੀ ਬਦਲੀ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ,
Publish Date: Tue, 01 Sep 2026 08:00 PM (IST)
Updated Date: Tue, 01 Sep 2026 08:01 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ’ਤੇ ਅਧਾਰਤ ਬਣੀ ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਆਗੂ ਸਾਥੀ ਸੁਖਚੈਨ ਸਿੰਘ ਖਹਿਰਾ ਦੀ ਬਦਲੇ ਦੀ ਭਾਵਨਾ ਨਾਲ ਕੀਤੀ ਨਜਾਇਜ਼ ਬਦਲੀ ਦੀ ਸਾਂਝੀ ਤਾਲਮੇਲ ਕਮੇਟੀ ਦੇ ਆਗੂਆਂ ਵੱਲੋਂ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਸਾਂਝੀ ਤਾਲਮੇਲ ਕਮੇਟੀ ਦੇ ਪ੍ਰਮੁੱਖ ਫਗਵਾੜਾ ਤਹਿਸੀਲ ਆਗੂਆਂ ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਕੁਲਦੀਪ ਸਿੰਘ ਕੌੜਾ, ਸਤਨਾਮ ਸਿੰਘ ਗਿੱਲ, ਸਤਵੰਤ ਸਿੰਘ ਟੂਰਾ, ਪਰਵਿੰਦਰ ਸਿੰਘ, ਦਲਜੀਤ ਸਿੰਘ ਸੈਣੀ, ਸੁਰਿੰਦਰ ਰਾਮ, ਪਰਮਜੀਤ ਸਿੰਘ ਚੌਹਾਨ, ਗੌਰਵ ਰਾਠੌਰ, ਗੁਰਮੁਖ ਸਿੰਘ, ਨਵਤੇਜ ਸਿੰਘ, ਸਤਨਾਮ ਸਿੰਘ ਪਰਮਾਰ, ਅਕਬਰ ਖਾਨ, ਜਸਬੀਰ ਸਿੰਘ ਸੈਣੀ, ਅਜੇ ਕੁਮਾਰ, ਹਰਵਿੰਦਰ ਸੇਠੀ, ਜਸਵੀਰ ਸਿੰਘ ਭੰਗੂ ਨੇ ਸਾਂਝਾ ਪ੍ਰੈੱਸ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਬਦਲੇ ਦੀ ਭਾਵਨਾ ਨਾਲ ਪੰਜਾਬ ਸਿਵਲ ਸਕੱਤਰੇਤ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ, ਸਾਂਝਾ ਮੁਲਾਜ਼ਮ ਮੰਚ, ਪੰਜਾਬ ਦੇ ਮੁੱਖ ਕੋਆਰਡੀਨੇਟਰ ਤੇ ਸਾਂਝੀ ਤਾਲਮੇਲ ਕਮੇਟੀ ਤੇ ਪ੍ਰਮੁੱਖ ਆਗੂ ਸਾਥੀ ਸੁਖਚੈਨ ਸਿੰਘ ਖਹਿਰਾ ਨੂੰ ਸਕੱਤਰੇਤ 1 ਚੰਡੀਗ੍ਹੜ ਤੋਂ ਬਦਲ ਕੇ ਸੈਕਟਰ 33 ਚੰਡੀਗੜ੍ਹ ਵਿਖੇ ਲਗਾ ਦਿੱਤਾ ਹੈ। ਆਗੂਆਂ ਆਖਿਆ ਕਿ ਇਹ ਮੁੱਖ ਮੰਤਰੀ ਦੀ ਬੁਖਲਾਹਟ ਹੈ, ਜੋ ਠੀਕ ਦਿਸ਼ਾ ਵਿੱਚ ਨਹੀਂ ਹੈ। ਇੱਕ ਪਾਸੇ ਮੁੱਖ ਮੰਤਰੀ ਤੇ ਉਨ੍ਹਾਂ ਦੇ ਪ੍ਰਸ਼ਾਸਨਿਕ ਅਧਿਕਾਰੀ ਸਾਂਝੀ ਤਾਲਮੇਲ ਕਮੇਟੀ ਨਾਲ ਮੀਟਿੰਗ ਕਰਨ ਦੀਆਂ ਗੱਲਾਂ ਕਰਦੇ ਹਨ ਤੇ ਦੂਜੇ ਪਾਸੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰ ਰਹੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ 27 ਅਗਸਤ ਨੂੰ ਸਮੂਹਿਕ ਛੁੱਟੀ ’ਤੇ ਗਏ ਮੁਲਾਜ਼ਮਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ ਤੇ ਹੁਣ ਬਦਲੀਆਂ ਦਾ ਸਿਲਸਿਲਾ ਸ਼ੁਰੂ ਕਰਨ ਲੱਗੇ ਹਨ। ਆਗੂਆਂ ਆਖਿਆ ਕਿ ਮੁਲਾਜ਼ਮ ਆਗੂ ਸਰਕਾਰ ਦੀਆਂ ਇਨ੍ਹਾਂ ਕੋਝੀਆਂ ਹਰਕਤਾਂ ਤੋਂ ਡਰਨ ਵਾਲੇ ਨਹੀਂ, ਇਸ ਨਾਲ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਸਰਕਾਰ ਪ੍ਰਤੀ ਰੋਹ ਹੋਰ ਪ੍ਰਚੰਡ ਹੋਵੇਗਾ। ਆਗੂਆਂ ਆਖਿਆ ਕਿ ਸਰਕਾਰ ਦੇ ਇਹ ਕੋਝੇ ਹੱਥ ਕੰਡੇ ਬਲਦੀ ’ਤੇ ਤੇਲ ਪਾਣ ਦਾ ਕੰਮ ਕਰਨਗੇ। ਮੁਲਾਜ਼ਮ ਤੇ ਪੈਨਸ਼ਨਰ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਉਹ ਟਕਰਾ ਦੀ ਨੀਤੀ ਛੱਡ ਕੇ ਗੱਲਬਾਤ ਦਾ ਰਾਹ ਅਖਤਿਆਰ ਕਰਨ ਤੇ ਮੁਲਾਜ਼ਮਾਂ/ਪੈਨਸ਼ਨਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਨਿਪਟਾਰਾ ਕਰਨ।