ਜੰਤਰ-ਮੰਤਰ ’ਤੇ ਵਿਦਿਆਰਥੀਆਂ ’ਤੇ ਕੀਤੇ ਤਸ਼ੱਦਦ ਦੀ ਕੀਤੀ ਤਿੱਖੀ ਨਿਖੇਧੀ ਦਿੱਲੀ ਪੁਲਿਸ ਪ੍ਰਸ਼ਾਸਨ ਵਲੋਂ ਜੰਤਰ ਮੰਤਰ ਦਿੱਲੀ ਵਿਖੇ ਵਿਿਦਆਰਥੀਆਂ 'ਤੇ ਕੀਤੇ ਤਸ਼ੱਸਦ ਦੀ ਕੀਤੀ ਤਿੱਖੀ ਨਿਖੇਧੀ*
Publish Date: Wed, 22 Jul 2026 07:12 PM (IST)
Updated Date: Wed, 22 Jul 2026 07:13 PM (IST)
ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਦਿੱਲੀ ਪੁਲਿਸ ਦੀ ਕਾਰਵਾਈ ’ਤੇ ਚੁੱਕਿਆ ਸਵਾਲ ਪੰਜਾਬੀ ਜਾਗਰਣ ਪ੍ਰਤੀਨਿਧ, ਫਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫਗਵਾੜਾ ਅਤੇ ਫਿਲੌਰ, ਜਲੰਧਰ ਦੇ ਆਗੂਆਂ ਨੇ ਨੀਟ ਦੇ ਪੇਪਰ ਲੀਕ ਮੁੱਦੇ ਸਮੇਤ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਜੰਤਰ-ਮੰਤਰ ਤੋਂ ਸੰਸਦ ਭਵਨ ਤੱਕ ਰੋਸ ਮਾਰਚ ਕਰ ਰਹੇ ਵਿਦਿਆਰਥੀਆਂ ਉੱਤੇ ਦਿੱਲੀ ਪੁਲਿਸ ਪ੍ਰਸ਼ਾਸਨ ਵਲੋਂ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਅੱਥਰੂ ਗੈਸ ਦੇ ਗੋਲੇ ਸੁੱਟਣ, ਅੰਨ੍ਹੇਵਾਹ ਲਾਠੀਚਾਰਜ ਕਰਨ, ਗ੍ਰਿਫਤਾਰ ਕਰ ਕੇ ਕੇਸ ਦਰਜ ਕਰਨ ਅਤੇ ਪੰਡਾਲ ਦੀ ਭੰਨਤੋੜ ਕਰਕੇ ਜ਼ਬਰੀ ਧਰਨਾ ਉਠਾਉਣ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਇਸ ਦੇ ਨਾਲ ਹੀ ਐਸੋਸੀਏਸ਼ਨ ਨੇ ਪੰਜਾਬ ਵਿੱਚ ਨਰੇਗਾ ਮੁਲਾਜ਼ਮਾਂ ਉੱਤੇ ਅੰਨ੍ਹੇਵਾਹ ਲਾਠੀਚਾਰਜ ਕਰਨ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਕੰਪਲੈਕਸ ਵਿੱਚ ਆਰਐੱਸਐੱਸ ਨਾਲ ਸਬੰਧਤ ਫਿਰਕੂ ਸਮਾਗਮ ਦਾ ਵਿਰੋਧ ਕਰਦੇ ਵਿਦਿਆਰਥੀਆਂ ਨਾਲ ਖਿੱਚ ਧੂਅ ਕਰਨ ਤੇ ਬਦਸਲੂਕੀ ਕਰਨ ਦੀ ਵੀ ਤਿੱਖੀ ਨਿੰਦਾ ਕੀਤੀ। ਉਪਰੋਕਤ ਘਟਨਾਵਾਂ ’ਤੇ ਰੋਸ ਜ਼ਾਹਰ ਕਰਦਿਆਂ ਐਸੋਸੀਏਸ਼ਨ ਦੇ ਆਗੂਆਂ ਮੋਹਣ ਸਿੰਘ ਭੱਟੀ, ਕੁਲਦੀਪ ਸਿੰਘ ਕੌੜਾ, ਪ੍ਰਮੋਦ ਕੁਮਾਰ ਜੋਸ਼ੀ, ਬਲਵਿੰਦਰ ਕੁਮਾਰ, ਬੂਟਾ ਰਾਮ ਅਕਾਲਪੁਰ, ਤਾਰਾ ਸਿੰਘ ਬੀਕਾ, ਬਾਲ ਕ੍ਰਿਸ਼ਨ, ਗੁਰਨਾਮ ਚੰਦ, ਪਵਨ ਮਸੀਹ, ਸੀਤਲ ਰਾਮ ਬੰਗਾ, ਰਤਨ ਸਿੰਘ, ਸੁਖਦੇਵ ਸਿੰਘ, ਜਸਵਿੰਦਰ ਸਿੰਘ, ਗੁਰਨਾਮ ਸਿੰਘ ਸੈਣੀ, ਸੂਰਤੀ ਲਾਲ, ਸਤਪਾਲ ਮਹਿਮੀ, ਅਮਰੀਕ ਸਿੰਘ ਸੇਖੋਂ, ਅਵਤਾਰ ਸਿੰਘ, ਜਗਦੀਸ਼ ਲਾਲ ਜਹੂਰਾ, ਸ਼ਿਵ ਦਾਸ ਆਦਿ ਨੇ ਕਿਹਾ ਕਿ ਦੇਸ਼ ਦੇ ਭਵਿੱਖ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਪੇਪਰ ਲੀਕ, ਬੇਰੁਜ਼ਗਾਰੀ, ਭ੍ਰਿਸ਼ਟ ਸਿੱਖਿਆ ਢਾਂਚੇ ਸਮੇਤ ਮੌਜੂਦਾ ਹਕੂਮਤ ਦੀਆਂ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਭ੍ਰਿਸ਼ਟ ਕਾਰਵਾਈਆਂ ਦਾ ਜਮਹੂਰੀ ਢੰਗ ਨਾਲ ਸ਼ਾਂਤਮਈ ਵਿਰੋਧ ਕਰਨ ਦਾ ਸੰਵਿਧਾਨਕ ਹੱਕ ਹੈ, ਪਰ ਮੋਦੀ ਸਰਕਾਰ ਨੇ ਵਿਦਿਆਰਥੀਆਂ ਅਤੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਹੋਏ ਮਸਲੇ ਹੱਲ ਕਰਨ ਦੀ ਬਜਾਏ ਹਿੰਦੂਤਵ ਦੇ ਫਿਰਕੂ ਏਜੰਡੇ ਹੇਠ ਦੇਸ਼ ਵਿੱਚ ਅਸਹਿਮਤੀ ਤੇ ਸਿਆਸੀ ਵਿਰੋਧੀਆਂ ਦੀਆਂ ਆਵਾਜ਼ਾਂ ਨੂੰ ਡੰਡਿਆਂ ਅਤੇ ਹੋਰ ਹਰ ਪ੍ਰਕਾਰ ਦੇ ਤਾਨਾਸ਼ਾਹੀ ਹੱਥਕੰਡਿਆਂ ਰਾਹੀਂ ਦਬਾਉਣ ਦੀ ਨੀਤੀ ਰਾਹੀਂ ਜ਼ਬਰ ਜ਼ੁਲਮ ਦੇ ਕੁਰਾਹੇ ਰਸਤੇ ’ਤੇ ਤੁਰੀ ਹੋਈ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪ੍ਰਸ਼ਾਸਨ ਵਲੋਂ ਕੁੱਝ ਦਿਨ ਪਹਿਲਾਂ ਵਿਦਿਆਰਥੀ ਜਥੇਬੰਦੀਆਂ ਨੂੰ ਆਰਐੱਸਐੱਸ ਨਾਲ ਸਬੰਧਤ ਸੰਸਥਾਵਾਂ ਦਾ ਫ਼ਿਰਕੂ ਸਮਾਗਮ ਨਾ ਕਰਾਉਣ ਦਾ ਭਰੋਸਾ ਦੇਣ ਦੇ ਬਾਵਜੂਦ ਵੀ ਚੋਰੀ ਛੁੱਪੇ ਕਰਾਉਣ ਤੇ ਵਿਰੋਧ ਕਰਦੇ ਵਿਦਿਆਰਥੀਆਂ ਉੱਤੇ ਜਬਰ ਕਰਨ ਦੀ ਫਾਸ਼ੀਵਾਦੀ ਕਾਰਵਾਈ ਨੇ ਯੂਨੀਵਰਸਿਟੀ ਅਧਿਕਾਰੀਆਂ ਦੇ ਭਗਵੇਂ ਏਜੰਡੇ ਦਾ ਪਰਦਾਫਾਸ਼ ਕੀਤਾ ਹੈ। ਆਗੂਆਂ ਨੇ ਜ਼ੋਰਦਾਰ ਢੰਗ ਮੰਗ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਆਗੂਆਂ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕਰਨ ਦਾ ਰਸਤਾ ਅਖ਼ਤਿਆਰ ਕਰਦੇ ਹੋਏ ਉਹਨਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਅੱਗੇ ਆਵੇ ਅਤੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦਾ ਤੁਰੰਤ ਅਸਤੀਫ਼ਾ ਲੈ ਕੇ ਮਾਹੌਲ ਨੂੰ ਸਾਜ਼ਗਾਰ ਬਣਾਉਣ ਲਈ ਗੰਭੀਰਤਾ ਦਿਖਾਵੇ ਤਾਂ ਜੋ ਦੇਸ਼ ਵਿੱਚ ਆਪਸੀ ਭਾਈਚਾਰਕ ਸਾਂਝ ਬਣੀ ਰਹੇ।