ਜਨਰਲ ਕੌਂਸਲ ’ਚ ਇਨਸੈਂਟਿਵ ਕਟੌਤੀ ਦਾ ਮੁੱਦਾ ਰਿਹਾ ਭਾਰੀ ਜੁਲਾਈ ਮਹੀਨੇ ਦੇ ਇਨਸੈਂਟਿਵ ਵਿੱਚ ਕਟੌਤੀ ਖ਼ਿਲਾਫ਼ ਆਰਸੀਐਫ ਇੰਪਲਾਈਜ਼ ਯੂਨੀਅਨ ਦੀ ਜਨਰਲ ਕੌਂਸਲ ਮੀਟਿੰਗ ਵਿੱਚ ਉੱਠਿਆ ਜ਼ੋਰਦਾਰ ਵਿਰੋਧ
Publish Date: Thu, 13 Aug 2026 08:38 PM (IST)
Updated Date: Thu, 13 Aug 2026 08:41 PM (IST)
--ਪ੍ਰਸ਼ਾਸਨ ਦੀ ਨਾਕਾਮੀ ਦਾ ਖਮਿਆਜ਼ਾ ਮੁਲਾਜ਼ਮਾਂ ਨੂੰ ਨਹੀਂ ਭੁਗਤਣ ਦੇਵਾਂਗੇ : ਸਰਬਜੀਤ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਪ), ਕਪੂਰਥਲਾ ਵਿਖੇ ਅੱਜ ਆਰਸੀਐੱਫ ਇੰਪਲਾਈਜ਼ ਯੂਨੀਅਨ ਦੀ ਜਨਰਲ ਕੌਂਸਲ ਦੀ ਮਹੱਤਵਪੂਰਨ ਮੀਟਿੰਗ ਹੋਈ। ਮੀਟਿੰਗ ਵਿੱਚ ਆਰਸੀਐੱਫ ਦੇ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਭਖਦੇ ਮੁੱਦਿਆਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਖ਼ਾਸ ਤੌਰ ’ਤੇ ਜੁਲਾਈ ਮਹੀਨੇ ਦੇ ਇਨਸੈਂਟਿਵ ਵਿੱਚ ਹੋਈ ਭਾਰੀ ਕਟੌਤੀ ਦਾ ਮੁੱਦਾ ਮੀਟਿੰਗ ਵਿੱਚ ਸਭ ਤੋਂ ਪ੍ਰਮੁੱਖ ਰਿਹਾ। ਜਨਰਲ ਕੌਂਸਲ ਦੇ ਮੈਂਬਰਾਂ ਨੇ ਇਨਸੈਂਟਿਵ ਵਿੱਚ ਕਟੌਤੀ ਨੂੰ ਲੈ ਕੇ ਸ਼ਾਸਨ ਪ੍ਰਤੀ ਆਪਣਾ ਸਖ਼ਤ ਰੋਸ ਤੇ ਨਾਰਾਜ਼ਗੀ ਜ਼ਾਹਰ ਕੀਤੀ। ਮੀਟਿੰਗ ਵਿੱਚ ਬੁਲਾਰਿਆਂ ਨੇ ਕਿਹਾ ਕਿ ਆਰਸੀਐੱਫ ਦੇ ਮੁਲਾਜ਼ਮ ਪੂਰੀ ਮਿਹਨਤ, ਲਗਨ ਤੇ ਜ਼ਿੰਮੇਵਾਰੀ ਨਾਲ ਆਪਣਾ ਨਿਰਧਾਰਤ ਕੰਮ ਪੂਰਾ ਕਰ ਰਹੇ ਹਨ। ਮੁਲਾਜ਼ਮਾਂ ਨੇ ਉਤਪਾਦਨ ਦੇ ਟੀਚੇ ਨੂੰ ਪੂਰਾ ਕਰਨ ਲਈ ਵਾਧੂ ਸਮੇਂ ਤੱਕ ਕੰਮ ਕੀਤਾ, ਪਰ ਇਸ ਦੇ ਬਾਵਜੂਦ ਜੁਲਾਈ ਮਹੀਨੇ ਵਿੱਚ ਇਨਸੈਂਟਿਵ ਵਿੱਚ ਕਟੌਤੀ ਕਰਨਾ ਮੁਲਾਜ਼ਮਾਂ ਨਾਲ ਸਰਾਸਰ ਬੇਇਨਸਾਫ਼ੀ ਹੈ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਮੁਲਾਜ਼ਮਾਂ ਦੀ ਮਿਹਨਤ ਤੇ ਉਨ੍ਹਾਂ ਦੇ ਹੱਕਾਂ ਨਾਲ ਕਿਸੇ ਵੀ ਕਿਸਮ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਇਨਸੈਂਟਿਵ ਘੱਟ ਆਉਣ ਲਈ ਮੁਲਾਜ਼ਮਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਪੂਰੀ ਤਰ੍ਹਾਂ ਗਲਤ ਹੈ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਸ ਦੇ ਪਿੱਛੇ ਮੁੱਖ ਕਾਰਨ ਆਰਸੀਐੱਫ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ ਤੇ ਸਮੱਗਰੀ ਉਪਲਬਧ ਕਰਵਾਉਣ ਵਿੱਚ ਨਾਕਾਮੀ ਹੈ। ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਕੋਚ ਨਿਰਮਾਣ ਲਈ ਲੋੜੀਂਦੀ ਸਮੱਗਰੀ ਸਮੇਂ ਸਿਰ ਉਪਲਬਧ ਨਾ ਕਰਵਾਏ ਜਾਣ ਕਾਰਨ ਉਤਪਾਦਨ ਪ੍ਰਕਿਰਿਆ ਪ੍ਰਭਾਵਿਤ ਹੋਈ। ਜਦੋਂ ਕੋਚ ਬਣਾਉਣ ਲਈ ਲੋੜੀਂਦੀ ਸਮੱਗਰੀ ਹੀ ਸਮੇਂ ਸਿਰ ਉਪਲਬਧ ਨਹੀਂ ਹੋਵੇਗੀ ਤਾਂ ਕੋਚ ਸਮੇਂ ਸਿਰ ਗੇਟ ਆਊਟ ਕਿਵੇਂ ਹੋਣਗੇ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਆਪਣੀਆਂ ਕਮੀਆਂ ਤੇ ਨਾਕਾਮੀਆਂ ਦੀ ਜ਼ਿੰਮੇਵਾਰੀ ਸਵੀਕਾਰ ਕਰਨੀ ਚਾਹੀਦੀ ਹੈ, ਨਾ ਕਿ ਆਪਣੀ ਗਲਤੀ ਦਾ ਬੋਝ ਮਿਹਨਤਕਸ਼ ਮੁਲਾਜ਼ਮਾਂ ’ਤੇ ਪਾਉਣਾ ਚਾਹੀਦਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਆਪਣੀ ਨਾਕਾਮੀ ਨੂੰ ਛੁਪਾਉਣ ਲਈ ਮੁਲਾਜ਼ਮਾਂ ਦੇ ਇਨਸੈਂਟਿਵ ਵਿੱਚ ਕਟੌਤੀ ਕਰਕੇ ਉਨ੍ਹਾਂ ਨੂੰ ਸਜ਼ਾ ਦੇਣ ਦੀ ਨੀਤੀ ਅਪਣਾਉਂਦਾ ਹੈ ਤਾਂ ਆਰਸੀਐੱਫ ਇੰਪਲਾਈਜ਼ ਯੂਨੀਅਨ ਇਸ ਦਾ ਪੁਰਜ਼ੋਰ ਵਿਰੋਧ ਕਰੇਗੀ। ਮਨਜੀਤ ਸਿੰਘ ਬਾਜਵਾ ਨੇ ਕਿਹਾ ਕਿ ਇਸ ਪੂਰੇ ਮਾਮਲੇ ਵਿੱਚ ਕੁਝ ਵਿਰੋਧੀ ਯੂਨੀਅਨਾਂ ਵੀ ਸਥਿਤੀ ਦਾ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਰੋਧੀ ਯੂਨੀਅਨਾਂ ਮੌਕੇ ਦਾ ਫਾਇਦਾ ਉਠਾ ਕੇ ਆਰਸੀਐੱਫ ਇੰਪਲਾਈਜ਼ ਯੂਨੀਅਨ ਨੂੰ ਬਦਨਾਮ ਕਰਨ ਤੇ ਮੁਲਾਜ਼ਮਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਮੁਲਾਜ਼ਮਾਂ ਨੂੰ ਕਿਸੇ ਦੇ ਬਹਿਕਾਵੇ ਵਿੱਚ ਆਉਣ ਦੀ ਲੋੜ ਨਹੀਂ ਹੈ। ਯੂਨੀਅਨ ਦੇ ਜਨਰਲ ਸਕੱਤਰ ਸਰਬਜੀਤ ਸਿੰਘ ਨੇ ਮੁਲਾਜ਼ਮਾਂ ਨੂੰ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਆਰਸੀਐੱਫ ਵਿੱਚ ਨਵੀਂ ਭਰਤੀ, ਆਊਟਸੋਰਸਿੰਗ, ਨਿੱਜੀਕਰਨ ਤੇ ਇਨਸੈਂਟਿਵ ਵਰਗੇ ਗੰਭੀਰ ਮੁੱਦਿਆਂ ਨੂੰ ਲੈ ਕੇ ਮੁਲਾਜ਼ਮਾਂ ਵਿੱਚ ਲਗਾਤਾਰ ਚਿੰਤਾ ਹੈ। ਜੇਕਰ ਇਨ੍ਹਾਂ ਸਮੱਸਿਆਵਾਂ ਦਾ ਸਮੇਂ ਸਿਰ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਸਾਰੇ ਮੁੱਦਿਆਂ ਨੂੰ ਲੈ ਕੇ ਇੱਕ ਵੱਡਾ ਤੇ ਨਿਰਣਾਇਕ ਸੰਘਰਸ਼ ਸ਼ੁਰੂ ਕਰੇਗੀ।ਸੰਘਰਸ਼ ਦੀ ਤਿਆਰੀ ਨੂੰ ਲੈ ਕੇ ਆਰਸੀਐੱਫ ਦੇ ਸਾਰੇ ਡਿਵਿਜ਼ਨਾਂ ਦੀ ਮਹੱਤਵਪੂਰਨ ਮੀਟਿੰਗ 17 ਅਗਸਤ ਨੂੰ ਬੁਲਾਈ ਗਈ ਹੈ। ਯੂਨੀਅਨ ਨੇ ਅੰਦੋਲਨ ਦੇ ਅਗਲੇ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ 18 ਅਗਸਤ ਨੂੰ ਡਾ. ਭੀਮ ਰਾਓ ਅੰਬੇਡਕਰ ਚੌਕ ਵਿਖੇ ਆਰਸੀਐੱਫ ਪ੍ਰਸ਼ਾਸਨ ਤੇ ਭਾਰਤ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਮੀਟਿੰਗ ਦਾ ਸੰਚਾਲਨ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰੈਸ ਸਕੱਤਰ ਅਰਵਿੰਦ ਕੁਮਾਰ ਸਾਹ ਨੇ ਕੀਤਾ। ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਸਾਰੇ ਮੁਲਾਜ਼ਮਾਂ ਤੇ ਯੂਨੀਅਨ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਮੁਲਾਜ਼ਮਾਂ ਦੀ ਏਕਤਾ ਸਭ ਤੋਂ ਵੱਡੀ ਤਾਕਤ ਹੈ। ਮੀਟਿੰਗ ਵਿੱਚ ਆਈਆਈਟੀਐੱਸਏ ਦੇ ਪ੍ਰਧਾਨ ਇੰਜ. ਦਰਸ਼ਨ ਲਾਲ, ਜ਼ੋਨਲ ਸਕੱਤਰ ਇੰਜ. ਜਗਤਾਰ ਸਿੰਘ, ਇੰਜ. ਬਲਦੇਵ ਰਾਜ, ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਸੰਗਠਨ ਸਕੱਤਰ ਭਾਰਤ ਰਾਜ, ਵਧੀਕ ਜਨਰਲ ਸਕੱਤਰ ਅਮਰੀਕ ਸਿੰਘ ਗਿੱਲ, ਵਿਚਿੱਤਰ ਸਿੰਘ, ਨਰਿੰਦਰ ਕੁਮਾਰ, ਤ੍ਰਿਲੋਚਨ ਸਿੰਘ, ਤਲਵਿੰਦਰ ਸਿੰਘ, ਜਗਦੀਪ ਸਿੰਘ, ਅਵਤਾਰ ਸਿੰਘ ਡੀਸੀਐਮ, ਅਵਤਾਰ ਸਿੰਘ, ਹਰਪ੍ਰੀਤ ਸਿੰਘ, ਅਸ਼ਵਨੀ ਕੁਮਾਰ, ਗੁਰਿੰਦਰ ਸਿੰਘ, ਸੰਜੀਵ ਕੁਮਾਰ, ਪ੍ਰਭਜੋਤ ਸਿੰਘ, ਪੰਕਜ ਕੁਮਾਰ ਸਿੰਘ, ਸ਼ਿਵਰਾਜ ਮੀਣਾ, ਹਰੀ ਓਮ ਮੀਣਾ, ਭਾਨ ਸਿੰਘ ਤੇ ਸਾਕੇਤ ਯਾਦਵ ਸ਼ਾਮਲ ਹੋਏ।