ਪੰਜਾਬ ਸਰਕਾਰ ਦੀਆਂ ਕੁਚਾਲਾਂ ਦੀ ਕੀਤੀ ਤਿੱਖੀ ਨਿਖੇਧੀ ਡੀ ਏ ਦੇਣ ਦੇ ਹਾਈਕੋਰਟ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਲਮਕਾਉਣ ਦੀਆਂ ਕੁਚਾਲਾਂ ਦੀ ਕੀਤੀ ਤਿੱਖੀ ਨਿਖੇਧੀ
Publish Date: Sun, 18 Oct 2026 09:21 PM (IST)
Updated Date: Sun, 18 Oct 2026 09:24 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫ਼ਗਵਾੜਾ : ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਫ਼ਗਵਾੜਾ ਦੀ ਮਾਸਿਕ ਮੀਟਿੰਗ ਪ੍ਰਧਾਨ ਮੋਹਣ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸੰਪਾਦਕ ਚੰਦ ਫ਼ਤਿਹਪੁਰੀ, ਨਸ਼ਿਆਂ ਵਿਰੁੱਧ ਸੱਚ ਮੁੱਚ ਲੜ ਰਹੇ ਪਰਵਿੰਦਰ ਸਿੰਘ ਝੋਟਾ ਦੀ ਨਸ਼ਾ ਤਸਕਰਾਂ ਵਲੋਂ ਹੋਈ ਮੌਤ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਦੀ ਸਮੁੱਚੀ ਕਾਰਵਾਈ ਨੂੰ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਪੰਜਾਬ ਸਟੇਟ ਪੈਨਸ਼ਨਰਜ਼ ਕਨਫੈੱਡਰੇਸ਼ਨ(ਰਜਿ) ਦੇ ਸੂਬਾ ਪ੍ਰੈੱਸ ਸਕੱਤਰ ਕੁਲਦੀਪ ਸਿੰਘ ਕੌੜਾ ਨੇ ਚਲਾਇਆ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਸਕੱਤਰ ਸੀਤਲ ਰਾਮ ਬੰਗਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਆਗੂਆਂ ਨੇ ਹਾਈਕੋਰਟ ਦੇ ਡਬਲ ਬੈਂਚ ਵਲੋਂ 18 ਪ੍ਰਤੀਸ਼ਤ ਡੀਏ ਦੇਣ ਦੇ ਦਿੱਤੇ ਫੈਸਲੇ ਨੂੰ ਲਾਗੂ ਕਰਨ ਦੀ ਬਜਾਏ ਪੰਜਾਬ ਸਰਕਾਰ ਵੱਲੋਂ ਲੰਮਾ ਸਮਾਂ ਲਟਕਾ ਕੇ ਰੱਖਣ ਲਈ ਚੱਲੀਆਂ ਜਾ ਰਹੀਆਂ ਕੁਚਾਲਾਂ ਦੀ ਜ਼ੋਰਦਾਰ ਤਿੱਖੀ ਨਿਖੇਧੀ ਕੀਤੀ ਗਈ। ਅਕਤੂਬਰ ਮਹੀਨੇ ਵਿੱਚ ਐਸੋਸੀਏਸ਼ਨ ਦੇ ਜਿਨ੍ਹਾਂ ਮੈਂਬਰਾਂ ਦਾ ਜਨਮ ਦਿਨ ਆਉਂਦਾ ਹੈ, ਉਨ੍ਹਾਂ ਨੂੰ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਮੀਟਿੰਗ ਵਿੱਚ ਨਸ਼ਿਆਂ ਵਿਰੁੱਧ ਸੱਚਮੁੱਚ ਲੜ ਰਹੇ ਪਰਵਿੰਦਰ ਸਿੰਘ ਝੋਟਾ ਦਾ ਨਸ਼ਾ ਤਸਕਰਾਂ ਵੱਲੋਂ ਕੀਤੇ ਗਏ ਕਤਲ ਦੀ ਜ਼ੋਰਦਾਰ ਨਿੰਦਿਆ ਕਰਦੇ ਹੋਏ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਦੇ ਹੋਏ, ਉਸਦੇ ਪਰਿਵਾਰ ਨੂੰ ਜ਼ਿੰਦਗੀ ਦੇ ਨਿਰਬਾਹ ਲਈ ਪੂਰੀ ਤਰ੍ਹਾਂ ਆਰਥਿਕ ਸੁਰੱਖਿਆ ਛੱਤਰੀ ਮੁਹਈਆ ਕਰਵਾਈ ਜਾਵੇ ਤੇ ਉਸ ਦੇ ਕਾਤਲ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਪਿਛਲੇ ਸਮੇਂ ਦੌਰਾਨ ਹੋਏ ਸੰਘਰਸ਼ਾਂ ਦਾ ਰਿਵਿਊ ਕਰਦੇ ਹੋਏ ਸੰਘਰਸ਼ਾਂ ਵਿੱਚ ਐਸੋਸੀਏਸ਼ਨ ਵੱਲੋਂ ਕੀਤੀ ਗਈ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਅਗਲੇ ਐਕਸ਼ਨਾਂ ਵਿੱਚ ਮੁਲਾਜ਼ਮਾਂ ਵੱਲੋਂ 21-22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਕੀਤੇ ਜਾਣ ਵਾਲੇ ਐਕਸ਼ਨਾਂ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਦਾ ਐਲਾਨ ਵੀ ਕੀਤਾ ਗਿਆ। 12 ਦਸੰਬਰ ਨੂੰ ਦਿੱਲੀ ਵਿਖੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਤੇ ਪੈਨਸ਼ਨਰਜ਼ ਫੈੱਡਰੇਸ਼ਨ ਵੱਲੋਂ ਕੀਤੀ ਜਾ ਰਹੀ ਕੌਮੀ ਪੱਧਰ ਦੀ ਰੈਲੀ ਵਿੱਚ ਸ਼ਮੂਲੀਅਤ ਕਰਨ ਨੂੰ ਯਕੀਨੀ ਬਣਾਉਣ ਲਈ ਵੀ ਮੈਂਬਰਾਂ ਨੂੰ ਅਪੀਲ ਕੀਤੀ ਗਈ। ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਸਾਂਝੀ ਤਾਲਮੇਲ ਕਮੇਟੀ ਪੰਜਾਬ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ 18 ਸਤੰਬਰ ਨੂੰ ਕੀਤੇ ਐਲਾਨ ਅਨੁਸਾਰ ਮੀਟਿੰਗ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕਰਦੇ ਹੋਏ ਮੰਗ ਕੀਤੀ ਕਿ ਕੀਤੇ ਵਾਅਦੇ ਅਨੁਸਾਰ ਮੀਟਿੰਗ ਕਰਦੇ ਹੋਏ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਦਾ ਨਿਪਟਾਰਾ ਕਰਨ ਲਈ ਮੁੱਖ ਮੰਤਰੀ ਪੰਜਾਬ ਤੁਰੰਤ ਗੰਭੀਰਤਾ ਦਿਖਾਉਣ। ਆਗੂਆਂ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਮੁੱਖ ਮੰਤਰੀ ਪੰਜਾਬ ਨੇ ਅਜੇ ਵੀ ਸਮਾਂ ਰਹਿੰਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਗੰਭੀਰਤਾ ਨਾਲ ਦਿਖਾਈ ਤਾਂ ਇਸ ਦਾ ਨਤੀਜਾ ਵਿਧਾਨ ਸਭਾ ਚੋਣਾਂ 2027 ਵਿੱਚ ਜ਼ਰੂਰ ਭੁਗਤਣਾ ਪਵੇਗਾ। ਮੀਟਿੰਗ ਦੇ ਆਖ਼ਰ ਵਿੱਚ ਪ੍ਰਧਾਨ ਮੋਹਣ ਸਿੰਘ ਭੱਟੀ ਨੇ ਨੇ ਸਮੂਹ ਜ਼ਿੰਮੇਵਾਰ ਮੈਂਬਰਾਂ ਨੂੰ ਆਪਣਾ ਸਾਲ 2026 ਦਾ ਸਲਾਨਾ ਸੰਘਰਸ਼ ਫੰਡ ਜਮਾਂ ਕਰਵਾਉਣ ਦੀ ਅਪੀਲ ਵੀ ਕੀਤੀ। ਮੀਟਿੰਗ ਵਿੱਚ ਸਰਪ੍ਰਸਤ ਕਰਨੈਲ ਸਿੰਘ ਸੰਧੂ, ਰਵਿੰਦਰ ਪਾਲ ਕੌਰ ਸੰਧੂ, ਜਸਪਾਲ ਸਿੰਘ ਗਰੇਵਾਲ, ਪ੍ਰਮੋਦ ਕੁਮਾਰ ਜੋਸ਼ੀ, ਗੁਰਨਾਮ ਸਿੰਘ ਸੈਣੀ, ਸਤਪਾਲ ਸਿੰਘ ਖੱਟਕੜ, ਰਤਨ ਸਿੰਘ ਗੁਰਾਇਆ, ਹਰਭਜਨ ਲਾਲ ਕੌਲ, ਨਿਰਮੋਲਕ ਸਿੰਘ ਹੀਰਾ, ਭੁਪਿੰਦਰ ਸਿੰਘ ਧਨੀ, ਸੁੱਚਾ ਰਾਮ ਬੰਗੜ, ਬਲਵਿੰਦਰ ਕੁਮਾਰ ਆਦਿ ਪੈਨਸ਼ਨਰ ਸਾਥੀ ਸ਼ਾਮਲ ਹੋਏ।