ਮ੍ਰਿਤਕ ਦੇਹ ਦਾ ਨਿਰਾਦਰ ਕਰਨ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ : ਸਾਥੀ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਵਾਲਿਆਂ ਤੇ ਹੋਵੇ ਸਖਤ ਕਾਰਵਾਈ ਗੁਰਮੀਤ ਸਿੰਘ ਸਾਥੀ
Publish Date: Sat, 19 Sep 2026 06:56 PM (IST)
Updated Date: Sat, 19 Sep 2026 06:59 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਬੀਤੇ ਕੁਝ ਮਹੀਨੇ ਪਹਿਲਾਂ ਨਗਰ ਨਿਗਮ ਫਗਵਾੜਾ ਵੱਲੋਂ ਇੱਕ ਮ੍ਰਿਤਕ ਦੇਹ ਨੂੰ ਕੂੜਾ ਢੋਣ ਵਾਲੀ ਗੱਡੀ ਵਿੱਚ ਲੱਦ ਕੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਆਪਣਾ ਪੱਲਾ ਝਾੜਦੇ ਹੋਏ ਸੈਨੇਟਰੀ ਇੰਸਪੈਕਟਰ ਤੇ ਮੁਲਾਜ਼ਮ ’ਤੇ ਕਾਰਵਾਈ ਕਰ ਦਿੱਤੀ ਤੇ ਉਨ੍ਹਾਂ ਨੂੰ ਸਸਪੈਂਡ ਕੀਤਾ ਗਿਆ। ਉਨ੍ਹਾਂ ਦੀ ਸਸਪੈਂਸ਼ਨ ’ਤੇ ਆਵਾਜ਼ ਚੁੱਕਦਿਆਂ ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਸਾਥੀ ਨੇ ਮੁੱਖ ਮੰਤਰੀ ਪੰਜਾਬ, ਡੀਜੀਪੀ ਪੰਜਾਬ, ਸਿਹਤ ਮੰਤਰੀ ਪੰਜਾਬ, ਆਈਜੀ ਪੰਜਾਬ, ਸਿਵਲ ਸਰਜਨ ਕਪੂਰਥਲਾ, ਚੇਅਰਮੈਨ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਚੰਡੀਗੜ੍ਹ, ਡੀਸੀ ਕਪੂਰਥਲਾ ਨੂੰ ਇੱਕ ਚਿੱਠੀ ਜਾਰੀ ਕਰਕੇ ਮ੍ਰਿਤਕ ਦੇਹ ਦਾ ਨਿਰਾਦਰ ਕਰਨ ਵਾਲਿਆਂ ’ਤੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਗੁਰਮੀਤ ਸਿੰਘ ਸਾਥੀ ਨੇ ਕਿਹਾ ਕਿ ਭਾਰਤ ਵਿੱਚ ਅਮੀਰ ਮਰਨ ਤਾਂ ਦੁੱਖ ਤੇ ਹਮਦਰਦੀ ਤੇ ਜੇ ਗਰੀਬ ਮਰ ਜਾਵੇ ਤਾਂ ਅਣਪਛਾਤੀ ਲਾਸ਼ ਨੂੰ ਕੂੜੇ ਵਾਲੀ ਗੱਡੀ ਵਿੱਚ ਢੋਣਾ ਮ੍ਰਿਤਕ ਦੇਹ ਦਾ ਅਪਮਾਨ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿੱਚ ਜਿੰਨੇ ਵੀ ਅਧਿਕਾਰੀ ਉੱਚ ਅਧਿਕਾਰੀ ਆਲਾ ਅਫਸਰ ਸ਼ਾਮਲ ਸਨ, ਉਨ੍ਹਾਂ ਸਾਰਿਆਂ ’ਤੇ ਹੀ ਸਖਤ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਸਾਥੀ ਨੇ ਕਿਹਾ ਕਿ ਸਾਰੇ ਅਧਿਕਾਰੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਮਾਨਯੋਗ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਗੇ।