ਖੁੱਲ੍ਹੇਆਮ ਸਮੋਕਿੰਗ ਕਰਨ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ ਪਬਲਿਕ ਪਲੇਸ ’ਤੇ ਸਿਗਰਟ-ਬੀੜੀ ਪੀਣ ਵਾਲਿਆਂ ’ਤੇ ਹੋਵੇ ਸਖ਼ਤ ਕਾਰਵਾਈ
Publish Date: Tue, 15 Sep 2026 06:49 PM (IST)
Updated Date: Tue, 15 Sep 2026 06:50 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪਬਲਿਕ ਪਲੇਸਾਂ ’ਤੇ ਸ਼ਰੇਆਮ ਸਿਗਰਟਾਂ ਤੇ ਬੀੜੀਆਂ ਪੀਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਐਡਵੋਕੇਟ ਵਰੁਣ ਕੁਮਾਰ ਵਧਾਵਨ ਨੇ ਪ੍ਰਸ਼ਾਸਨ ਨੂੰ ਅਹਿਮ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੁੱਖ ਬਾਜ਼ਾਰਾਂ ਤੇ ਮੁੱਖ ਮਾਰਗਾਂ ਸਮੇਤ ਹੋਰ ਜਨਤਕ ਥਾਵਾਂ ’ਤੇ ਅਕਸਰ ਲੋਕ ਖੁੱਲ੍ਹੇਆਮ ਸਿਗਰਟਾਂ ਤੇ ਬੀੜੀਆਂ ਪੀਂਦੇ ਨਜ਼ਰ ਆਉਂਦੇ ਹਨ। ਅਜਿਹੇ ਜਨਤਕ ਸਥਾਨਾਂ ਤੋਂ ਮਹਿਲਾਵਾਂ ਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਲੋਕਾਂ ਦਾ ਆਉਣਾ-ਜਾਣਾ ਹੁੰਦਾ ਹੈ, ਜਿਸ ਕਾਰਨ ਤੰਬਾਕੂ ਦੇ ਧੂੰਏਂ ਦਾ ਮਾੜਾ ਪ੍ਰਭਾਵ ਆਮ ਲੋਕਾਂ ’ਤੇ ਪੈਂਦਾ ਹੈ। ਐਡਵੋਕੇਟ ਵਧਾਵਨ ਨੇ ਕਿਹਾ ਕਿ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਨੂੰ ਰੋਕਣ ਲਈ ਸਰਕਾਰ ਵੱਲੋਂ ਨਿਯਮ ਬਣਾਏ ਗਏ ਹਨ, ਪਰ ਇਸ ਦੇ ਬਾਵਜੂਦ ਕਈ ਥਾਵਾਂ ’ਤੇ ਇਨ੍ਹਾਂ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਰਗੀਆਂ ਥਾਵਾਂ ’ਤੇ ਲੋਕ ਆਪਣੇ ਪਰਿਵਾਰਾਂ ਸਮੇਤ ਸਫ਼ਰ ਕਰਨ ਲਈ ਪਹੁੰਚਦੇ ਹਨ। ਇੱਥੇ ਸਿਗਰਟ ਜਾਂ ਬੀੜੀ ਦਾ ਧੂੰਆਂ ਨਾ ਸਿਰਫ਼ ਮਾਹੌਲ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਤੰਬਾਕੂਨੋਸ਼ੀ ਨਾ ਕਰਨ ਵਾਲੇ ਲੋਕਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਮੁੱਖ ਬਾਜ਼ਾਰਾਂ ਤੇ ਮੁੱਖ ਮਾਰਗਾਂ ’ਤੇ ਵੀ ਲੋਕਾਂ ਦੀ ਭਾਰੀ ਆਵਾਜਾਈ ਰਹਿੰਦੀ ਹੈ। ਮਹਿਲਾਵਾਂ ਤੇ ਛੋਟੇ ਬੱਚੇ ਜਦੋਂ ਇਨ੍ਹਾਂ ਰਸਤਿਆਂ ਤੋਂ ਲੰਘਦੇ ਹਨ ਤਾਂ ਉਨ੍ਹਾਂ ਨੂੰ ਸਿਗਰਟਾਂ-ਬੀੜੀਆਂ ਦੇ ਧੂੰਏਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਜਨਤਕ ਥਾਵਾਂ ’ਤੇ ਨੌਜਵਾਨਾਂ ਦੇ ਸਾਹਮਣੇ ਸ਼ਰੇਆਮ ਤੰਬਾਕੂਨੋਸ਼ੀ ਹੋਣ ਨਾਲ ਗਲਤ ਸਮਾਜਿਕ ਪ੍ਰਭਾਵ ਵੀ ਪੈ ਸਕਦਾ ਹੈ। ਐਡਵੋਕੇਟ ਵਧਾਵਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਬਲਿਕ ਪਲੇਸਾਂ ’ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ’ਤੇ ਨਿਯਮਾਂ ਅਨੁਸਾਰ ਸਖ਼ਤੀ ਕੀਤੀ ਜਾਵੇ ਤੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੁੱਖ ਬਾਜ਼ਾਰਾਂ ਤੇ ਹੋਰ ਭੀੜ ਵਾਲੀਆਂ ਥਾਵਾਂ ’ਤੇ ਨਿਯਮਤ ਚੈਕਿੰਗ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਨਿਯਮ ਬਣਾਉਣਾ ਹੀ ਕਾਫ਼ੀ ਨਹੀਂ, ਬਲਕਿ ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਵਾਉਣਾ ਵੀ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਜਨਤਕ ਥਾਵਾਂ ’ਤੇ ਤੰਬਾਕੂਨੋਸ਼ੀ ਰੋਕਣ ਲਈ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਣੀ ਚਾਹੀਦੀ ਹੈ ਤੇ ਜਿੱਥੇ ਲੋੜ ਹੈ ਉੱਥੇ ਤੰਬਾਕੂਨੋਸ਼ੀ ਵਿਰੋਧੀ ਸੂਚਨਾ ਬੋਰਡ ਲਗਾਏ ਜਾਣ। ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਮਹਿਲਾਵਾਂ, ਬੱਚਿਆਂ, ਬਜ਼ੁਰਗਾਂ ਤੇ ਤੰਬਾਕੂਨੋਸ਼ੀ ਤੋਂ ਦੂਰ ਰਹਿਣ ਵਾਲੇ ਆਮ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਪਬਲਿਕ ਪਲੇਸਾਂ ’ਤੇ ਸਿਗਰਟਾਂ ਤੇ ਬੀੜੀਆਂ ਪੀਣ ਵਾਲਿਆਂ ਖ਼ਿਲਾਫ਼ ਪ੍ਰਭਾਵਸ਼ਾਲੀ ਕਾਰਵਾਈ ਯਕੀਨੀ ਬਣਾਈ ਜਾਵੇ।