ਪੰਜਾਬ ’ਚੋਂ ਨਸ਼ਾ ਖਤਮ ਕਰਨ ’ਚ ਸਰਕਾਰ ਪੂਰੀ ਤਰਾਂ ਫੇਲ੍ਹ : ਫਤਿਹ ਪੰਜਾਬ ਚੋਂ ਨਸ਼ਾ ਖਤਮ ਕਰਨ ਵਿਚ ਸੂਬਾ ਸਰਕਾਰ ਪੂਰੀ ਤਰਾਂ ਫੇਲ,ਪ੍ਰਧਾਨ ਫਤਿਹ
Publish Date: Mon, 19 Oct 2026 10:52 PM (IST)
Updated Date: Mon, 19 Oct 2026 10:54 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬ ਵਿੱਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਕਾਰਕੁੰਨ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਘਟਨਾ ਨੇ ਸੂਬੇ ਦੀ ਕਾਨੂੰਨ-ਵਿਵਸਥਾ ਤੇ ਨਸ਼ਾ ਵਿਰੋਧੀ ਮੁਹਿੰਮ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਮਾਮਲੇ ਵਿੱਚ ਐਕਸ਼ਨ ਕਮੇਟੀ ਮਾਨਸਾ ਵੱਲੋਂ ਦਿੱਤੇ ਪ੍ਰੋਗਰਾਮ ਦੇ ਸਮਰਥਨ ਵਿੱਚ ਅੱਜ ਅਕਾਲੀ ਦਲ ਵਾਰਿਸ ਪੰਜਾਬ ਦੇ ਫਗਵਾੜਾ ਤੋਂ ਪ੍ਰਧਾਨ ਰਣਜੀਤ ਸਿੰਘ ਫ਼ਤਿਹ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਦੇ ਨਾਮ ਇਕ ਰੋਸ ਪੱਤਰ ਡੀਐੱਸਪੀ ਫਗਵਾੜਾ ਨੂੰ ਸੌਂਪਿਆ ਗਿਆ। ਇਸ ਮੌਕੇ ਰਣਜੀਤ ਸਿੰਘ ਫ਼ਤਿਹ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਦਾ ਕਤਲ ਸਿਰਫ਼ ਇੱਕ ਵਿਅਕਤੀ ਦੀ ਹੱਤਿਆ ਦਾ ਮਾਮਲਾ ਨਹੀਂ, ਸਗੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਵਾਲਿਆਂ ਦੀ ਸੁਰੱਖਿਆ ਤੇ ਪੰਜਾਬ ਦੀ ਕਾਨੂੰਨ-ਵਿਵਸਥਾ ਨਾਲ ਜੁੜਿਆ ਬੇਹੱਦ ਗੰਭੀਰ ਮਾਮਲਾ ਹੈ। ਇਸ ਘਟਨਾ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਜੇਕਰ ਇਸ ਪਿੱਛੇ ਕਿਸੇ ਨਸ਼ਾ ਤਸਕਰ, ਪੁਲਿਸ ਅਧਿਕਾਰੀ ਜਾਂ ਸਿਆਸੀ ਵਿਅਕਤੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ ਤਾਂ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਫ਼ਤਿਹ ਨੇ ਕਿਹਾ ਕਿ ਲੋਕਾਂ ਨੇ ਵਿਧਾਇਕਾਂ ਨੂੰ ਆਪਣੀ ਆਵਾਜ਼ ਬਣਨ ਤੇ ਲੋਕ ਹਿੱਤਾਂ ਦੀ ਰਾਖੀ ਕਰਨ ਲਈ ਚੁਣਿਆ ਹੈ। ਝੋਟਾ ਦੇ ਕਤਲ ਵਰਗੇ ਗੰਭੀਰ ਮਾਮਲੇ ’ਤੇ ਚੁੱਪ ਰਹਿਣ ਦੀ ਬਜਾਏ ਵਿਧਾਇਕਾਂ ਨੂੰ ਸਰਕਾਰ ਤੋਂ ਜਵਾਬ ਮੰਗਣਾ ਚਾਹੀਦਾ ਹੈ। ਉਨ੍ਹਾਂ ਕਿਹਾ,“ਜਿਹੜੇ ਲੋਕ ਨਸ਼ਿਆਂ ਵਿਰੁੱਧ ਲੜਨ ਵਾਲੇ ਕਾਰਕੁੰਨਾਂ ਲਈ ਇਨਸਾਫ਼ ਦੀ ਮੰਗ ਕਰਨ ਤੋਂ ਵੀ ਪਿੱਛੇ ਹਟਦੇ ਹਨ, ਉਨ੍ਹਾਂ ਦੀ ਚੁੱਪੀ ਲੋਕਾਂ ਦੇ ਭਰੋਸੇ ਨੂੰ ਠੇਸ ਪਹੁੰਚਾਉਂਦੀ ਹੈ। ਅਸੀਂ ਇਸ ਚੁੱਪੀ ਦੀ ਸਖ਼ਤ ਨਿਖੇਧੀ ਕਰਦੇ ਹਾਂ। ਫ਼ਤਿਹ ਨੇ ਸਰਕਾਰ ਤੇ ਡਾ. ਚੱਬੇਵਾਲ ਨੂੰ ਸਵਾਲ ਕੀਤਾ ਕਿ ਉਹ ਨਸ਼ਿਆਂ ਤੋਂ ਪੀੜਤ ਪੰਜਾਬ ਦੇ ਲੋਕਾਂ ਤੇ ਇਨਸਾਫ਼ ਦੀ ਮੰਗ ਕਰ ਰਹੇ ਪਰਿਵਾਰ ਦੇ ਨਾਲ ਖੜ੍ਹੇ ਹਨ ਜਾਂ ਨਹੀਂ, ਮਾਮਲੇ ’ਤੇ ਚੁੱਪ ਰਹਿਣਗੇ? ਉਨ੍ਹਾਂ ਮੰਗ ਕੀਤੀ ਕਿ ਮੈਂਬਰ ਪਾਰਲੀਮੈਂਟ ਇਨ੍ਹਾਂ ਮੰਗਾਂ ਨੂੰ ਸਰਕਾਰ ਸਾਹਮਣੇ ਉਠਾਉਣ ਤੇ ਆਪਣਾ ਪੱਖ ਜਨਤਕ ਤੌਰ ’ਤੇ ਸਪੱਸ਼ਟ ਕਰਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਰਮਿੰਦਰ ਸਿੰਘ ਝੋਟਾ ਦੇ ਮਾਮਲੇ ਵਿੱਚ ਇਨਸਾਫ਼ ਮਿਲਣ ਤੱਕ ਸੰਘਰਸ਼ ਜਾਰੀ ਰਹੇਗਾ ਤੇ ਜੇਕਰ ਸਰਕਾਰ ਨੇ ਲੋਕਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ ਨਾਰੰਗਪੁਰ, ਤਰਲੋਚਨ ਸਿੰਘ ਖੁਰਮਪੁਰ , ਇੰਦਰਜੀਤ ਸਿੰਘ ਕੁਲਾਰ, ਦਲਜੀਤ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਫਗਵਾੜਾ, ਤਜਿੰਦਰ ਸਿੰਘ ਬਬੇਲੀ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਤੇ ਪਾਰਟੀ ਵਰਕਰ ਹਾਜ਼ਰ ਸਨ।