- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਚਾਚੋਕੀ ਪੁਲ ਹੇਠਾਂ ਖੜ੍ਹਾ ਪਾਣੀ ਬਣਿਆ ਹਜ਼ਾਰਾਂ ਲੋਕਾਂ ਲਈ ਵੱਡੀ ਮੁਸੀਬਤ

ਵਿਜੇ ਸੋਨੀ ਪੰਜਾਬੀ ਜਾਗਰਣ
ਫਗਵਾੜਾ : ਫਗਵਾੜਾ ਨਾਲ ਲੱਗਦੇ ਚਾਚੋਕੀ ਪੁਲ ਹੇਠਾਂ ਹਰ ਬਰਸਾਤ ਦੌਰਾਨ ਖੜ੍ਹਾ ਹੋਣ ਵਾਲਾ ਪਾਣੀ ਹੁਣ ਇਲਾਕੇ ਦੇ ਹਜ਼ਾਰਾਂ ਲੋਕਾਂ ਲਈ ਗੰਭੀਰ ਸਮੱਸਿਆ ਬਣਦਾ ਜਾ ਰਿਹਾ ਹੈ। ਚਾਚੋਕੀ, ਸੰਤ ਨਗਰ, ਮਨੋਹਰ ਨਗਰ, ਨੰਗਲ ਖੇੜਾ, ਅਰਬਨ ਅਸਟੇਟ, ਸੀਆਰਪੀ ਕਲੋਨੀ, ਓਂਕਾਰ ਨਗਰ ਤੇ ਹੋਰ ਨੇੜਲੇ ਇਲਾਕਿਆਂ ਦੇ ਵਸਨੀਕਾਂ ਨੂੰ ਹਰ ਸਾਲ ਇਸ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਅਜੇ ਤੱਕ ਇਸ ਦਾ ਕੋਈ ਸਥਾਈ ਹੱਲ ਨਹੀਂ ਨਿਕਲ ਸਕਿਆ।
ਸਮਾਜ ਸੇਵਕ ਰਣਜੀਤ ਸਿੰਘ ਜੀਤੀ ਖੇੜਾ ਨੇ ਦੱਸਿਆ ਕਿ ਉਹ ਰੋਜ਼ਾਨਾ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਅਉਂਦੇ ਹਨ ਤੇ ਕੋਈ ਨਾ ਕੋਈ ਦੁਰਘਟਨਾ ਰੋਜ਼ ਵਾਪਰੀ ਹੁੰਦੀ ਹੈ। ਸਵਾਲ ਬੱਚਿਆਂ ਦਾ ਹੈ ਤਾਂ ਕੀ ਰਾਜਨੀਤੀ ਤੋਂ ਉਪਰ ਉਠਕੇ ਇਸ ਸਮੱਸਿਆ ਦਾ ਹੱਲ ਨਹੀ ਹੋ ਸਕਦਾ? ਪਰ ਪ੍ਰਸ਼ਾਸਨ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕ ਰਹੀ। ਕਈ ਸਰਕਾਰਾਂ ਆਈਆਂ ਤੇ ਚਲੀਆਂ ਗਈਆਂ, ਅਨੇਕਾਂ ਵਾਅਦੇ ਵੀ ਕੀਤੇ ਗਏ, ਪਰ ਚਾਚੋਕੀ ਪੁਲ ਹੇਠਾਂ ਪਾਣੀ ਖੜ੍ਹਨ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਬਰਸਾਤ ਦੇ ਦਿਨਾਂ ਵਿੱਚ ਪੁਲ ਹੇਠਾਂ ਪਾਣੀ ਭਰ ਜਾਣ ਕਾਰਨ ਦੋਪਹੀਆ ਤੇ ਚਾਰ ਪਹੀਆ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋ ਜਾਂਦੀ ਹੈ ਤੇ ਰਾਹਗੀਰਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀਤੀ ਖੇੜਾ ਨੇ ਕਿਹਾ ਕਿ ਆਏ ਦਿਨ ਵਾਹਨ ਫਿਸਲਣ ਤੇ ਡੂੰਘੇ ਪਾਣੀ ਕਾਰਨ ਛੋਟੇ-ਵੱਡੇ ਹਾਦਸੇ ਵਾਪਰ ਰਹੇ ਹਨ, ਜਿਸ ਨਾਲ ਲੋਕਾਂ ਦੀ ਜਾਨ ਨੂੰ ਵੀ ਖ਼ਤਰਾ ਬਣਿਆ ਰਹਿੰਦਾ ਹੈ। ਬੱਚਿਆਂ, ਬਜ਼ੁਰਗਾਂ ਤੇ ਰੋਜ਼ਾਨਾ ਆਉਣ-ਜਾਣ ਵਾਲੇ ਨੌਕਰੀਪੇਸ਼ਾ ਲੋਕਾਂ ਨੂੰ ਸਭ ਤੋਂ ਵੱਧ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜੀਤੀ ਖੇੜਾ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਪ੍ਰਸ਼ਾਸਨ ਇਸ ਗੰਭੀਰ ਸਮੱਸਿਆ ਪ੍ਰਤੀ ਅਜੇ ਵੀ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ ਉਸਨੂੰ ਸ਼ਹਿਰ ਦੇ ਦੁਕਾਨਦਾਰਾਂ ਨੂੰ ਨੋਟਿਸ ਦੇਣਾ ਤਾਂ ਯਾਦ ਰਹਿੰਦਾ ਹੈ ਪਰ ਇਸ ਸਮੱਸਿਆ ਬਾਰੇ ਸ਼ਾਇਦ ਮੇਅਰ ਸਾਹਿਬ ਭੁੱਲ ਜਾਂਦੇ ਹਨ। ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਨਗਰ ਨਿਗਮ ਤੇ ਸਬੰਧਤ ਵਿਭਾਗਾਂ ਤੋਂ ਮੰਗ ਕੀਤੀ ਹੈ ਕਿ ਚਾਚੋਕੀ ਪੁਲ ਹੇਠਾਂ ਪਾਣੀ ਦੀ ਨਿਕਾਸੀ ਲਈ ਜਲਦੀ ਤੋਂ ਜਲਦੀ ਸਥਾਈ ਪ੍ਰਬੰਧ ਕੀਤੇ ਜਾਣ, ਤਾਂ ਜੋ ਲੋਕਾਂ ਨੂੰ ਹਰ ਬਰਸਾਤ ਵਿੱਚ ਪੈਦਾ ਹੋਣ ਵਾਲੀ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੇ ਤੇ ਹਾਦਸਿਆਂ 'ਤੇ ਵੀ ਰੋਕ ਲੱਗ ਸਕੇ।
ਜੀਤੀ ਖੇੜਾ ਨੇ ਕਿਹਾ ਕਿ ਇਸ ਰਸਤੇ ਤੋਂ ਹਰ ਰੋਜ਼ ਹਜ਼ਾਰਾਂ ਲੋਕਾਂ ਦੇ ਨਾਲ-ਨਾਲ ਸਕੂਲੀ ਵਿਦਿਆਰਥੀ, ਮਰੀਜ਼ ਤੇ ਨੌਕਰੀਪੇਸ਼ਾ ਲੋਕ ਲੰਘਦੇ ਹਨ, ਪਰ ਪ੍ਰਸ਼ਾਸਨ ਵੱਲੋਂ ਅਜੇ ਤੱਕ ਇਸ ਸਥਾਈ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਨਹੀਂ ਕੀਤਾ ਗਿਆ। ਜਦੋਂ ਸਵੇਰੇ ਪੰਜਾਬੀ ਜਾਗਰਣ ਦੀ ਟੀਮ ਨੇ ਮੌਕੇ ਦਾ ਜਾਇਜ਼ਾ ਲਿਆ ਤਾਂ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਸਾਹਮਣੇ ਆਏ। ਸਕੂਲੀ ਬੱਚੇ ਪਾਣੀ ਵਿੱਚੋਂ ਲੰਘਣ ਲਈ ਆਪਣੇ ਬੂਟ ਹੱਥਾਂ ਵਿੱਚ ਫੜ੍ਹ ਕੇ ਸਕੂਲ ਜਾਂਦੇ ਨਜ਼ਰ ਆਏ। ਕਈ ਬੱਚਿਆਂ ਨੂੰ ਗੰਦੇ ਪਾਣੀ ਵਿੱਚੋਂ ਲੰਘਣ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਹ ਦ੍ਰਿਸ਼ ਨਾ ਸਿਰਫ਼ ਪ੍ਰਸ਼ਾਸਨਿਕ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕਰਦਾ ਹੈ, ਸਗੋਂ ਸਾਡੇ ਸਮਾਜ ਲਈ ਵੀ ਚਿੰਤਾ ਦਾ ਵਿਸ਼ਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਚਾਚੋਕੀ ਪੁਲ ਦੇ ਨਜ਼ਦੀਕ ਅਰਬਨ ਅਸਟੇਟ ਇਲਾਕੇ ਵਿੱਚ ਕਈ ਸੀਨੀਅਰ ਅਧਿਕਾਰੀਆਂ, ਸਾਬਕਾ ਕੇਂਦਰੀ ਮੰਤਰੀਆਂ ਤੇ ਹੋਰ ਰਸੂਖਦਾਰ ਸ਼ਖ਼ਸੀਅਤਾਂ ਦੀਆਂ ਰਿਹਾਇਸ਼ਾਂ ਵੀ ਮੌਜੂਦ ਹਨ। ਇਸ ਦੇ ਬਾਵਜੂਦ ਸਾਲਾਂ ਤੋਂ ਚੱਲੀ ਆ ਰਹੀ ਇਸ ਗੰਭੀਰ ਸਮੱਸਿਆ ਦਾ ਹੱਲ ਨਾ ਹੋਣਾ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲਗਾਉਂਦਾ ਹੈ।
ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਤੋਂ ਮੰਗ ਕੀਤੀ ਹੈ ਕਿ ਚਾਚੋਕੀ ਪੁਲ ਹੇਠਾਂ ਪਾਣੀ ਦੀ ਨਿਕਾਸੀ ਲਈ ਜਲਦੀ ਤੋਂ ਜਲਦੀ ਸਥਾਈ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਇਸ ਨਰਕ ਵਰਗੀ ਸਥਿਤੀ ਤੋਂ ਰਾਹਤ ਮਿਲ ਸਕੇ ਤੇ ਸਕੂਲੀ ਬੱਚਿਆਂ, ਮਰੀਜ਼ਾਂ ਤੇ ਆਮ ਲੋਕਾਂ ਨੂੰ ਸੁਰੱਖਿਅਤ ਆਵਾਜਾਈ ਦੀ ਸਹੂਲਤ ਮਿਲੇ।