ਦੇਰ ਸ਼ਾਮ ਅਚਾਨਕ ਸੜਕਾਂ ’ਤੇ ਉੱਤਰ ਐੱਸਐੱਸਪੀ
ਜਲੰਧਰ ਬਾਈਪਾਸ ’ਤੇ ਖੁਦ
Publish Date: Mon, 16 Feb 2026 09:52 PM (IST)
Updated Date: Mon, 16 Feb 2026 09:54 PM (IST)

ਜਲੰਧਰ ਬਾਈਪਾਸ ’ਤੇ ਖੁਦ ਚੈੱਕ ਕੀਤੇ ਵਾਹਨ ਜ਼ਿਲ੍ਹੇ ਦੇ ਕਈ ਏਰੀਆ ’ਚ ਗਸ਼ਤ ਕਰਕੇ ਫੋਰਸ ਦੀ ਮੁਸਤੈਦੀ ਜਾਂਚੀ ਜਾਸੰ, ਕਪੂਰਥਲਾ : ਜ਼ਿਲ੍ਹਾ ਪੁਲਿਸ ਮੁਖੀ ਐੱਸਐੱਸਪੀ ਗੌਰਵ ਤੂਰਾ ਸੋਮਵਾਰ ਦੇਰ ਸ਼ਾਮ ਅਚਾਨਕ ਸੜਕ ’ਤੇ ਉੱਤਰ ਆਏ ਤੇ ਖੁਦ ਟਾਰਚ ਲੈ ਕੇ ਜਲੰਧਰ ਬਾਈਪਾਸ (ਝੋਟੇ ਸ਼ਾਹ ਦੀ ਮਜ਼ਾਰ) ਕੋਲ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ ਕਰਨ ਲੱਗ ਪਏ। ਇਸ ਦੌਰਾਨ ਪੂਰਾ ਚੌਂਕ ਪੁਲਿਸ ਫੋਰਸ ਨਾਲ ਸੀਲ ਕਰ ਦਿੱਤਾ ਗਿਆ ਤੇ ਦੋਪਹੀਆ ਵਾਹਨ ਚਾਲਕਾਂ ਤੋਂ ਇਲਾਵਾ ਸ਼ੱਕੀ ਦਿਸਣ ਵਾਲੇ ਲੋਕਾਂ ਦੀ ਸ਼ਿਨਾਖਤ ਜਾਂਚੀ ਗਈ ਤੇ ਕਾਰਾਂ ਦੀ ਵੀ ਜਾਂਚ ਕੀਤੀ ਗਈ। ਸੋਮਵਾਰ ਦੀ ਸ਼ਾਮ ਲਗਪਗ ਸੱਤ ਵਜੇ ਐੱਸਐੱਸਪੀ ਗੌਰਵ ਤੂਰਾ, ਡੀਐੱਸਪੀ-ਐੱਨਡੀਪੀਐੱਸ ਸੁਖਪਾਲ ਸਿੰਘ, ਥਾਣਾ ਸਿਟੀ ਦੇ ਐੱਸਐੱਚਓ ਇੰਸਪੈਕਟਰ ਅਮਨਦੀਪ ਨਾਹਰ ਤੇ ਪੀਸੀਆਰ ਇੰਚਾਰਜ ਚਰਨਜੀਤ ਸਿੰਘ ਖਹਿਰਾ ਤੇ ਟ੍ਰੈਫਿਕ ਪੁਲਿਸ ਵੱਲੋਂ ਅਚਾਨਕ ਜਲੰਧਰ ਬਾਈਪਾਸ ’ਤੇ ਨਾਕਾ ਲਗਾ ਦਿੱਤਾ ਗਿਆ। ਐੱਸਐੱਸਪੀ ਨੇ ਜਦ ਖੁਦ ਵਾਹਨਾਂ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਪੁਲਿਸ ਫੋਰਸ ਦਾ ਵੀ ਹੌਸਲਾ ਵਧ ਗਿਆ। ਇਥੇ ਲਗਪਗ 40 ਮਿੰਟ ਸਰਚ ਮੁਹਿੰਮ ਚਲਾਉਣ ਤੋਂ ਬਾਅਦ ਐੱਸਐੱਸਪੀ ਨੇ ਢਿੱਲਵਾਂ, ਸੁਲਤਾਨਪੁਰ ਲੋਧੀ ਤੇ ਸੁਭਾਨਪੁਰ ’ਚ ਵੀ ਅਚਾਨਕ ਸਰਚ ਆਪ੍ਰੇਸ਼ਨ ਚਲਾਇਆ, ਜਿਸ ਨਾਲ ਗੈਰ-ਸਮਾਜਿਕ ਅਨਸਰਾਂ ਦੀ ਫੜੋ-ਫੜੀ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਦੌਰਾਨ ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਆਪ੍ਰੇਸ਼ਨ ਪ੍ਰਹਾਰ-1 ਤੇ 2 ਦੇ ਤਹਿਤ ਗੈਂਗਸਟਰਾਂ ’ਤੇ ਵਾਰ ਆਪ੍ਰੇਸ਼ਨ ਲਗਾਤਾਰ ਜਾਰੀ ਹੈ। ਇਹ ਅਚਾਨਕ ਸਰਚ ਆਪ੍ਰੇਸ਼ਨ ਪਲਾਨ ਕਰਕੇ ਚੈਕਿੰਗ ਕੀਤੀ ਗਈ, ਜਿਸ ਨਾਲ ਨਤੀਜੇ ਬਿਹਤਰ ਮਿਲਦੇ ਹਨ, ਤੇ ਜਨਤਾ ’ਚ ਵੀ ਭਰੋਸਾ ਬਣਦਾ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ’ਚ ਐੱਸਪੀ ਮਾਧਵੀ ਸ਼ਰਮਾ ਨੇ ਚੈਕਿੰਗ ਮੁਹਿੰਮ ਦੀ ਕਮਾਨ ਸੰਭਾਲੀ। ਐੱਸਐੱਸਪੀ ਨੇ ਦੱਸਿਆ ਕਿ ਅਜਿਹੇ ਸਰਚ ਆਪ੍ਰੇਸ਼ਨ ਦੌਰਾਨ ਜੇ ਕੋਈ ਸ਼ੱਕੀ ਜਾਂ ਪੇਸ਼ੇਵਰ ਅਪਰਾਧੀ ਮਿਲ ਜਾਂਦੇ ਹਨ ਤਾਂ ਉਨ੍ਹਾਂ ਦੀ ਜਾਂਚ ਲਈ ਫੋਟੋ ਖਿੱਚ ਕੇ ਫੇਸ ਰੀਕੋਗਨੀਸ਼ਨ ਲਈ ਪੰਜਾਬ ਸਰਕਾਰ ਵੱਲੋਂ ਤਿਆਰ ਕੀਤੀ ਗਈ ਸਪੈਸ਼ਲ ਐਪ ’ਚ ਅਪਲੋਡ ਕਰਕੇ ਉਸ ਦੀ ਪੂਰੀ ਕੁੰਡਲੀ ਕੱਢ ਲਈ ਜਾਂਦੀ ਹੈ ਤੇ ਫਿਰ ਉਸ ਨੂੰ ਫੜ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸਰਪ੍ਰਾਈਜ਼ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰਹੇਗੀ।