ਮਾਨਾਂ ਰਾਮ ਬੌਲੀ ਮੰਦਰ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ ਸ੍ਰੀ ਕ੍ਰਿਸ਼ਨ ਜਨਮ ਅਸਟਮੀ ਮਾਨਾਂ ਰਾਮ ਬੌਲੀ ਮੰਦਰ ਵਿੱਚ ਧੂਮਧਾਮ ਨਾਲ ਮਨਾਈ ਜਾਵੇਗੀ ਸ੍ਰੀ ਕ੍ਰਿਸ਼ਨ ਜਨਮ ਅਸਟਮੀ
Publish Date: Fri, 28 Aug 2026 07:36 PM (IST)
Updated Date: Fri, 28 Aug 2026 07:37 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਫਗਵਾੜਾ ਦੇ ਚਾਹਲ ਨਗਰ ਚੌਕ ਸਥਿਤ ਪ੍ਰਸਿੱਧ ਮਾਨਾਂ ਰਾਮ ਬੌਲੀ ਮੰਦਰ ਵਿੱਚ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਸ਼ਰਧਾ ਤੇ ਧੂਮਧਾਮ ਨਾਲ ਮਨਾਉਣ ਸਬੰਧੀ ਮੰਦਰ ਕੰਪਲੈਕਸ ਵਿੱਚ ਵਿਸ਼ੇਸ਼ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਪ੍ਰਧਾਨਗੀ ਮੰਦਰ ਮਾਣਾ ਰਾਮ ਸੁਧਾਰ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਤੇ ਸ਼ਰੋਮਣੀ ਵਿਸ਼ਵਕਰਮਾ ਮੰਦਰ ਫਗਵਾੜਾ ਦੇ ਸਾਬਕਾ ਪ੍ਰਧਾਨ ਬਲਵੰਤ ਰਾਏ ਧੀਮਾਨ ਨੇ ਕੀਤੀ। ਮੀਟਿੰਗ ਦੌਰਾਨ ਜਨਮ ਅਸ਼ਟਮੀ ਸਮਾਗਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਵੱਖ-ਵੱਖ ਤਿਆਰੀਆਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਕਿ ਇਸ ਵਾਰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ 4 ਸਤੰਬਰ ਸ਼ੁੱਕਰਵਾਰ ਨੂੰ ਮਨਾਇਆ ਜਾਵੇਗਾ ਤੇ 9 ਸਤੰਬਰ ਬੁੱਧਵਾਰ ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀ ਖੁਸ਼ੀ ਵਿੱਚ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਮੀਟਿੰਗ ਦੌਰਾਨ ਮੰਦਰ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ, ਸ਼ਰਧਾਲੂਆਂ ਦੀ ਸਹੂਲਤ, ਮੰਦਰ ਕੰਪਲੈਕਸ ਦੀ ਸਜਾਵਟ, ਸਫਾਈ, ਸੁਰੱਖਿਆ ਪ੍ਰਬੰਧਾਂ ਤੇ ਹੋਰ ਜ਼ਰੂਰੀ ਪ੍ਰਬੰਧਾਂ ਸਬੰਧੀ ਮੈਂਬਰਾਂ ਵੱਲੋਂ ਆਪਣੇ ਸੁਝਾਅ ਦਿੱਤੇ ਗਏ। ਅਹੁਦੇਦਾਰਾਂ ਨੇ ਕਿਹਾ ਕਿ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਵਿਸ਼ੇਸ਼ ਉਤਸ਼ਾਹ ਹੁੰਦਾ ਹੈ ਤੇ ਇਸ ਪਵਿੱਤਰ ਮੌਕੇ ’ਤੇ ਮੰਦਰ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚਦੇ ਹਨ। ਇਸ ਲਈ ਸ਼ਰਧਾਲੂਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਾਰੇ ਲੋੜੀਂਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣਗੇ। ਬਲਵੰਤ ਰਾਏ ਧੀਮਾਨ ਨੇ ਕਿਹਾ ਕਿ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਹਿੰਦੂ ਧਰਮ ਦਾ ਇੱਕ ਮਹੱਤਵਪੂਰਨ ਤੇ ਪਵਿੱਤਰ ਤਿਉਹਾਰ ਹੈ, ਜਿਸ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਉਤਸਵ ਵਜੋਂ ਪੂਰੇ ਦੇਸ਼ ਵਿੱਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਾਣਾ ਰਾਮ ਬੌਲੀ ਮੰਦਰ ਵਿੱਚ ਵੀ ਹਰ ਸਾਲ ਸ਼ਰਧਾਲੂ ਵੱਡੀ ਸ਼ਰਧਾ ਨਾਲ ਇਸ ਪਵਿੱਤਰ ਤਿਉਹਾਰ ਵਿੱਚ ਸ਼ਾਮਲ ਹੁੰਦੇ ਹਨ। ਉਨ੍ਹਾਂ ਮੰਦਰ ਕਮੇਟੀ ਦੇ ਮੈਂਬਰਾਂ ਤੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਮ ਅਸ਼ਟਮੀ ਸਮਾਗਮ ਵਿੱਚ ਵੱਧ-ਚੜ੍ਹ ਕੇ ਸਹਿਯੋਗ ਕਰਨ ਤੇ ਧਾਰਮਿਕ ਸਮਾਗਮ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਮੀਟਿੰਗ ਵਿੱਚ ਹਾਜ਼ਰ ਮੈਂਬਰਾਂ ਨੇ ਜਨਮ ਅਸ਼ਟਮੀ ਸਮਾਗਮ ਦੌਰਾਨ ਮੰਦਰ ਵਿੱਚ ਵਿਸ਼ੇਸ਼ ਪੂਜਾ-ਅਰਚਨਾ, ਭਜਨ-ਕੀਰਤਨ, ਧਾਰਮਿਕ ਸਮਾਗਮ ਤੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਨਾਲ ਸਬੰਧਤ ਆਯੋਜਨ ਕਰਵਾਉਣ ਸਬੰਧੀ ਆਪਣੇ ਵਿਚਾਰ ਸਾਂਝੇ ਕੀਤੇ। ਮੰਦਰ ਕੰਪਲੈਕਸ ਨੂੰ ਆਕਰਸ਼ਕ ਢੰਗ ਨਾਲ ਸਜਾਉਣ ਤੇ ਸ਼ਰਧਾਲੂਆਂ ਲਈ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਜਿੰਮੀ ਧੀਮਾਨ, ਸੂਰਜ ਧੀਮਾਨ, ਪ੍ਰੇਮਦੀਪ ਚੱਗਰ, ਕਮਲ ਕਨੌਜੀਆ, ਤਰੁਣ ਦੁੱਗਲ, ਗੋਵਰਧਨ ਬੱਸੀ, ਰਾਜ ਕੁਮਾਰ ਜੰਬੂ, ਅਮਿਤ ਗੋਗਨਾ, ਅੰਕੁਸ਼ ਧੀਮਾਨ, ਵਿਸ਼ਾਲ ਭੋਗਲ, ਅਮਰ ਸ਼ਰਮਾ, ਦੀਪਕ ਸਹਦੇਵ, ਰਵਿੰਦਰ ਮੱਲਨ, ਭੰਡਾਰੀ ਸਮੇਤ ਮੰਦਰ ਕਮੇਟੀ ਦੇ ਮੈਂਬਰ, ਪਤਵੰਤੇ ਵਿਅਕਤੀ ਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।