ਤੇਜ਼ ਰਫ਼ਤਾਰੀ ਬਣ ਰਹੀ ਹਾਦਸਿਆਂ ਦਾ ਕਾਰਨ ਲਾਅ ਗੇਟ ਮਹੇੜੂ ਵਿਖੇ ਤੇਜ਼ ਰਫ਼ਤਾਰੀ ਬਣ ਰਹੀ ਹਾਦਸਿਆਂ ਦਾ ਕਾਰਨ
Publish Date: Sun, 06 Sep 2026 08:49 PM (IST)
Updated Date: Sun, 06 Sep 2026 08:49 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਜਿੱਥੇ ਮਹੇੜੂ ਤੋਂ ਚਹੇੜੂ ਰੋਡ ਤੇ ਸਰਕਾਰੀ ਸਕੂਲ ਲਾਗੇ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਰਕੇ ਇੱਥੋਂ ਆਉਣ-ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਖੱਜਲ-ਖੁਆਰੀ ਹੁੰਦੀ ਹੈ, ਉਥੇ ਇਸ ਟੁੱਟੀ-ਭੱਜੀ ਸੜਕ ਕਾਰਨ ਇੱਥੇ ਹਾਦਸੇ ਵਾਪਰਦੇ ਰਹਿੰਦੇ ਹਨ। ਇਥੇ ਤੇਜ਼ ਰਫ਼ਤਾਰੀ ਤੇ ਵਾਹਨ ਚਾਲਕਾਂ ਦੀ ਜਲਦਬਾਜ਼ੀ ਵੀ ਲੋਕਾਂ ਲਈ ਚਿੰਤਾ ਦਾ ਵਿਸ਼ਾ ਬਣਦੀ ਜਾ ਰਹੀ ਹੈ। ਇਸ ਇਲਾਕੇ ਵਿੱਚ ਅਕਸਰ ਦੋ ਪਹੀਆ ਵਾਹਨ ਚਾਲਕਾਂ ਵੱਲੋਂ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਦੇ ਨਾਲ-ਨਾਲ ਆਟੋ ਚਾਲਕਾਂ ਦੀ ਜਲਦਬਾਜ਼ੀ ਕਾਰਨ ਵੀ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚਹੇੜੂ ਤੋਂ ਮਹੇੜੂ ਮੁੱਖ ਸੜਕ ’ਤੇ ਵਾਹਨਾਂ ਦੀ ਆਵਾਜਾਈ ਕਾਫ਼ੀ ਰਹਿੰਦੀ ਹੈ, ਪਰ ਇਸ ਸੜਕ ’ਤੇ ਲਾਅ ਗੇਟ ਦੇ ਨੇੜੇ ਰਫ਼ਤਾਰ ਨੂੰ ਕਾਬੂ ਕਰਨ ਲਈ ਕੋਈ ਸਪੀਡ ਬਰੇਕਰ ਨਹੀਂ ਹੈ। ਇਸ ਕਾਰਨ ਕਈ ਵਾਹਨ ਚਾਲਕ ਬਿਨਾਂ ਰਫ਼ਤਾਰ ਘਟਾਏ ਹੀ ਇਲਾਕੇ ਵਿੱਚੋਂ ਲੰਘਦੇ ਹਨ, ਜਿਸ ਨਾਲ ਸੜਕ ਪਾਰ ਕਰਨ ਵਾਲੇ ਲੋਕਾਂ ਤੇ ਹੋਰ ਵਾਹਨ ਚਾਲਕਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ। ਦੋ ਪਹੀਆ ਵਾਹਨਾਂ ਤੇ ਆਟੋ ਚਾਲਕਾਂ ਦੀ ਜਲਦਬਾਜ਼ੀ ਲੋਕਾਂ ਅਨੁਸਾਰ ਦੋ ਪਹੀਆ ਵਾਹਨਾਂ ਦੇ ਕੁਝ ਚਾਲਕ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਂਦੇ ਹਨ ਤੇ ਕਈ ਵਾਰ ਅੱਗੇ ਨਿਕਲਣ ਦੀ ਕਾਹਲੀ ਵਿੱਚ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਵੀ ਕਰਦੇ ਹਨ। ਇਸੇ ਤਰ੍ਹਾਂ ਆਟੋ ਚਾਲਕਾਂ ਵੱਲੋਂ ਵੀ ਸਵਾਰੀਆਂ ਚੁੱਕਣ ਜਾਂ ਛੱਡਣ ਦੀ ਜਲਦਬਾਜ਼ੀ ਵਿੱਚ ਅਚਾਨਕ ਬਰੇਕ ਲਗਾਉਣ ਜਾਂ ਦਿਸ਼ਾ ਬਦਲਣ ਕਾਰਨ ਹਾਦਸਿਆਂ ਦੀ ਸੰਭਾਵਨਾ ਵਧ ਜਾਂਦੀ ਹੈ। ਇਲਾਕੇ ਵਿੱਚ ਵਾਪਰਨ ਵਾਲੀਆਂ ਕਈ ਘਟਨਾਵਾਂ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਜਾਂਦੀਆਂ ਹਨ, ਜਿਨਾਂ ਬਾਬਤ ਅਸੀਂ ਪਹਿਲਾਂ ਵੀ ਕਈ ਵਾਰ ਖਬਰਾਂ ਪ੍ਰਕਾਸ਼ਿਤ ਕਰ ਚੁੱਕੇ ਹਾਂ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੈਮਰਿਆਂ ਦੀਆਂ ਰਿਕਾਰਡਿੰਗਾਂ ਤੋਂ ਵੀ ਵਾਹਨ ਚਾਲਕਾਂ ਦੀ ਤੇਜ਼ ਰਫ਼ਤਾਰੀ ਤੇ ਲਾਪਰਵਾਹੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਲੋਕਾਂ ਦੀ ਮੰਗ ਹੈ ਕਿ ਜੇਕਰ ਹਾਦਸਿਆਂ ਦੀ ਰੋਕਥਾਮ ਲਈ ਸੜਕ ’ਤੇ ਲੋੜੀਂਦੇ ਸੁਰੱਖਿਆ ਪ੍ਰਬੰਧ ਕੀਤੇ ਜਾਣ ਤਾਂ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ। ਸਥਾਨਕ ਵਸਨੀਕਾਂ ਨੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਲਾਅ ਗੇਟ ਮਹੇੜੂ ਦੇ ਨੇੜੇ ਸੜਕ ਦੀ ਸਥਿਤੀ ਦਾ ਜਾਇਜ਼ਾ ਲੈ ਕੇ ਲੋੜ ਅਨੁਸਾਰ ਸਪੀਡ ਬਰੇਕਰ, ਰਫ਼ਤਾਰ ਹੱਦ ਵਾਲੇ ਬੋਰਡ ਤੇ ਹੋਰ ਟ੍ਰੈਫਿਕ ਸੁਰੱਖਿਆ ਪ੍ਰਬੰਧ ਕੀਤੇ ਜਾਣ। ਇਸ ਦੇ ਨਾਲ ਵਾਹਨ ਚਾਲਕਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਰਫ਼ਤਾਰ ਹੱਦ ਵਿੱਚ ਰਹਿ ਕੇ ਵਾਹਨ ਚਲਾਉਣ ਤੇ ਆਪਣੀ ਤੇ ਹੋਰਨਾਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਨਾ ਪਾਉਣ।