38ਵੀਂ ਟੈਨਿਕੁਆਇਟ ਚੈਂਪੀਅਨਸ਼ਿਪ ਦਾ ਹੋਇਆ ਸ਼ਾਨਦਾਰ ਸਮਾਪਨ ਡਿਵਾਈਨ ਪਬਲਿਕ ਸਕੂਲ ‘ਚ ਆਯੋਜਿਤ 38ਵੀਂ ਟੈਨਿਕੁਆਇਟ ਚੈਂਪੀਅਨਸ਼ਿਪ ਦਾ ਹੋਇਆ ਸ਼ਾਨਦਾਰ ਸਮਾਪਨ
Publish Date: Thu, 22 Oct 2026 07:46 PM (IST)
Updated Date: Thu, 22 Oct 2026 07:48 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਥਾਨਕ ਡਿਵਾਈਨ ਪਬਲਿਕ ਸਕੂਲ ਵਿੱਚ 17 ਤੋਂ 21 ਅਕਤੂਬਰ ਤੱਕ ਕਰਵਾਈ ਗਈ 38ਵੀਂ ਰਾਸ਼ਟਰੀ ਸਬ-ਜੂਨੀਅਰ ਟੈਨਿਕੁਆਇਟ ਚੈਂਪੀਅਨਸ਼ਿਪ ਦਾ ਸ਼ਾਨਦਾਰ ਸਮਾਪਨ ਹੋਇਆ। ਟੈਨਿਕੁਆਇਟ ਫੈੱਡਰੇਸ਼ਨ ਆਫ਼ ਇੰਡੀਆ ਦੀ ਰਹਿਨੁਮਾਈ ਤੇ ਟੈਨਿਕੁਆਇਟ ਐਸੋਸੀਏਸ਼ਨ ਆਫ਼ ਪੰਜਾਬ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਰਾਸ਼ਟਰੀ ਮੁਕਾਬਲੇ ਵਿੱਚ ਦੇਸ਼ ਭਰ ਤੋਂ ਪਹੁੰਚੇ ਨੌਜਵਾਨ ਖਿਡਾਰੀਆਂ ਨੇ ਆਪਣੀ ਪ੍ਰਤਿਭਾ, ਖੇਡ ਕੌਸ਼ਲ ਅਤੇ ਮੁਕਾਬਲੇ ਦੀ ਭਾਵਨਾ ਦਾ ਪ੍ਰਦਰਸ਼ਨ ਕੀਤਾ। ਸਮਾਪਤੀ ਸਮਾਗਮ ਵਿੱਚ ਰਾਜ ਸਭਾ ਮੈਂਬਰ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸਕੂਲੀ ਵਿਦਿਆਰਥੀਆਂ ਨੇ ਸੱਭਿਆਚਾਰਕ ਪੇਸ਼ਕਾਰੀਆਂ ਰਾਹੀਂ ਮਹਿਮਾਨਾਂ ਦਾ ਸਵਾਗਤ ਕੀਤਾ। ਮੁਕਾਬਲੇ ਵਿੱਚ ਤਾਮਿਲਨਾਡੂ ਨੇ 18 ਅੰਕ ਹਾਸਲ ਕਰਕੇ ਓਵਰਆਲ ਚੈਂਪੀਅਨਸ਼ਿਪ ਟਰਾਫੀ ਆਪਣੇ ਨਾਂ ਕੀਤੀ। ਪੁਡੂਚੇਰੀ 9 ਅੰਕਾਂ ਨਾਲ ਦੂਜੇ, ਕੇਰਲ 7 ਅੰਕਾਂ ਨਾਲ ਤੀਜੇ ਤੇ ਆਂਧਰਾ ਪ੍ਰਦੇਸ਼ 6 ਅੰਕਾਂ ਨਾਲ ਚੌਥੇ ਸਥਾਨ ’ਤੇ ਰਿਹਾ। ਲੜਕਿਆਂ ਦੀ ਟੀਮ ਚੈਂਪੀਅਨਸ਼ਿਪ ਵਿੱਚ ਪੁਡੂਚੇਰੀ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਤਾਮਿਲਨਾਡੂ ਦੂਜੇ ਸਥਾਨ ’ਤੇ ਰਿਹਾ। ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਸਾਂਝੇ ਤੌਰ ’ਤੇ ਤੀਜੇ ਸਥਾਨ ’ਤੇ ਰਹੇ। ਲੜਕੀਆਂ ਦੇ ਵਰਗ ਵਿੱਚ ਤਾਮਿਲਨਾਡੂ ਨੇ ਬਾਜ਼ੀ ਮਾਰੀ, ਪੁਡੂਚੇਰੀ ਦੂਜੇ ਸਥਾਨ ’ਤੇ ਰਿਹਾ ਤੇ ਕੇਰਲ ਤੇ ਛੱਤੀਸਗੜ੍ਹ ਨੇ ਤੀਜਾ ਸਥਾਨ ਹਾਸਲ ਕੀਤਾ। ਸਿੰਗਲਜ਼, ਡਬਲਜ਼ ਤੇ ਮਿਕਸਡ ਡਬਲਜ਼ ਮੁਕਾਬਲਿਆਂ ਵਿੱਚ ਵੀ ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਰਾਸ਼ਟਰੀ ਸਮਾਗਮ ਵਿੱਚ ਫਗਵਾੜਾ ਦੇ ਐੱਸਡੀਐੱਮ ਡਾ. ਨਵਜੋਤ ਸ਼ਰਮਾ, ਸਕੂਲ ਦੇ ਚੇਅਰਮੈਨ ਪੰਕਜ ਕਪੂਰ, ਪ੍ਰਿੰਸੀਪਲ ਰੇਨੂ ਠਾਕੁਰ ਤੇ ਪ੍ਰਬੰਧਾਂ ਨਾਲ ਜੁੜੇ ਡਾ. ਵਿਪਨ ਪਠਾਨੀਆ ਤੇ ਰਵਿੰਦਰ ਸਿੰਘ ਦਾ ਵਿਸ਼ੇਸ਼ ਸਹਿਯੋਗ ਰਿਹਾ। ਸਕੂਲ ਦੇ ਚੇਅਰਮੈਨ ਪੰਕਜ ਕਪੂਰ ਨੇ ਕਿਹਾ ਕਿ ਰਾਸ਼ਟਰੀ ਪੱਧਰ ਦੇ ਮੁਕਾਬਲੇ ਦੀ ਮੇਜ਼ਬਾਨੀ ਕਰਨਾ ਸਕੂਲ ਲਈ ਮਾਣ ਵਾਲੀ ਗੱਲ ਹੈ। ਅਜਿਹੇ ਸਮਾਗਮਾਂ ਨਾਲ ਨੌਜਵਾਨ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਸਾਬਤ ਕਰਨ ਤੇ ਰਾਸ਼ਟਰੀ ਪੱਧਰ ’ਤੇ ਅੱਗੇ ਵਧਣ ਦਾ ਮੌਕਾ ਮਿਲਦਾ ਹੈ। ਪ੍ਰਿੰਸੀਪਲ ਰੇਨੂ ਠਾਕੁਰ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ, ਕੋਚਾਂ, ਖੇਡ ਅਧਿਕਾਰੀਆਂ ਤੇ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਦੇ ਨਾਲ-ਨਾਲ ਖੇਡਾਂ ਨੂੰ ਵੀ ਬਰਾਬਰ ਮਹੱਤਵ ਦਿੰਦਾ ਹੈ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਭਵਿੱਖ ਵਿੱਚ ਵੀ ਅਜਿਹੇ ਯਤਨ ਜਾਰੀ ਰੱਖੇਗਾ। ਮੁਕਾਬਲੇ ਦੇ ਸਫ਼ਲ ਆਯੋਜਨ ਲਈ ਮਹਿਮਾਨਾਂ, ਖੇਡ ਅਧਿਕਾਰੀਆਂ, ਕੋਚਾਂ, ਵਲੰਟੀਅਰਾਂ ਅਤੇ ਸਾਰੇ ਸਹਿਯੋਗੀਆਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ।