ਆਰਸੀਐੱਫ ਕਪੂਰਥਲਾ ’ਚ ਤਣਾਅ ਤੇ ਹੰਕਾਰ ਦਾ ਪ੍ਰਬੰਧਨ ਰੇਲ ਕੋਚ ਫੈਕਟਰੀ ਕਪੂਰਥਲਾ ਵਿੱਚ ਤਣਾਅ ਅਤੇ ਹੰਕਾਰ ਦਾ ਪ੍ਰਬੰਧਨ – ਖੁਸ਼ੀ ਦੀ ਕੁੰਜੀ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਆਯੋਜਿਤ
Publish Date: Fri, 25 Sep 2026 10:04 PM (IST)
Updated Date: Fri, 25 Sep 2026 10:06 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਵਿੱਚ ਅਧਿਕਾਰੀਆਂ ਤੇ ਕਰਮਚਾਰੀਆਂ ਵਿੱਚ ਤਣਾਅ ਪ੍ਰਬੰਧਨ, ਸਕਾਰਾਤਮਕ ਸੋਚ ਤੇ ਸਿਹਤਮੰਦ ਕਾਰਜ-ਜੀਵਨ ਸੰਤੁਲਨ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਸੈਮੀਨਾਰ ਤੇ ਵਾਰਤਾ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਬੁਲਾਰਾ ਰਾਜਯੋਗਿਨੀ ਊਸ਼ਾ ਦੀਦੀ ਸੀਨੀਅਰ ਰਾਜਯੋਗ ਟਿੱਚਰ, ਬ੍ਰਹਮ ਕੁਮਾਰੀ, ਮਾਊਂਟ ਅੱਬੂ, ਆਰਸੀਐੱਫ ਦੇ ਮਹਾਪ੍ਰਬੰਧਕ ਅਜੈ ਨੰਦਨ ਤੇ ਨਵਿਤਾ ਨੰਦਨ, ਪ੍ਰਧਾਨ, ਆਰਸੀਐੱਫ ਮਹਿਲਾ ਕਲਿਆਣ ਸੰਗਠਨ ਵੱਲੋਂ ਦੀਪ ਪ੍ਰਜਵਲਿਤ ਕਰਕੇ ਕੀਤਾ ਗਿਆ। ਇਸ ਮੌਕੇ ਆਰਸੀਐੱਫ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ। ਪ੍ਰੋਗਰਾਮ ਦਾ ਉਦੇਸ਼ ਤਣਾਅ ਪ੍ਰਬੰਧਨ, ਅੰਦਰੂਨੀ ਸ਼ਾਂਤੀ, ਸਕਾਰਾਤਮਕ ਸੋਚ ਤੇ ਸਿਹਤਮੰਦ ਕਾਰਜ-ਜੀਵਨ ਸੰਤੁਲਨ ਰਾਹੀਂ ਬਿਹਤਰ ਤੇ ਖੁਸ਼ਹਾਲ ਜੀਵਨ ਵੱਲ ਪ੍ਰੇਰਿਤ ਕਰਨਾ ਸੀ। ਮੁੱਖ ਬੁਲਾਰਾ ਰਾਜਯੋਗਿਨੀ ਊਸ਼ਾ ਦੀਦੀ ਨੇ ਆਪਣੇ ਵਿਸਤ੍ਰਿਤ ਤੇ ਪ੍ਰੇਰਣਾਦਾਇਕ ਸੰਬੋਧਨ ਵਿੱਚ ਤਣਾਅ ਦੇ ਕਾਰਨਾਂ ਤੇ ਇਸ ਦੇ ਪ੍ਰਭਾਵਾਂ ਬਾਰੇ ਚਰਚਾ ਕਰਦਿਆਂ ਤਣਾਅ ਪ੍ਰਬੰਧਨ, ਅੰਦਰੂਨੀ ਸ਼ਾਂਤੀ, ਸਕਾਰਾਤਮਕ ਸੋਚ, ਅਹੰਕਾਰ ’ਤੇ ਕਾਬੂ ਤੇ ਸਿਹਤਮੰਦ ਕਾਰਜ-ਜੀਵਨ ਸੰਤੁਲਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਸਕਾਰਾਤਮਕ ਦ੍ਰਿਸ਼ਟੀਕੋਣ, ਆਤਮ-ਜਾਗਰੂਕਤਾ ਤੇ ਸੰਤੁਲਿਤ ਸੋਚ ਅਪਣਾ ਕੇ ਤਣਾਅ ਨੂੰ ਕਾਫ਼ੀ ਹੱਦ ਤੱਕ ਨਿਯੰਤਰਿਤ ਕੀਤਾ ਜਾ ਸਕਦਾ ਹੈ। ਮਹਾਪ੍ਰਬੰਧਕ ਅਜੈ ਨੰਦਨ ਨੇ ਇਸ ਵਿਸ਼ੇਸ਼ ਵਾਰਤਾ ਦੀ ਸ਼ਲਾਘਾ ਕਰਦਿਆਂ ਸਾਰੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪ੍ਰੋਗਰਾਮ ਦੌਰਾਨ ਦਿੱਤੇ ਗਏ ਸੰਦੇਸ਼ ਤੇ ਸੁਝਾਵਾਂ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਤਣਾਅ-ਮੁਕਤ ਤੇ ਸੰਤੁਲਿਤ ਜੀਵਨ ਨਾ ਸਿਰਫ਼ ਵਿਅਕਤੀਗਤ ਖੁਸ਼ਹਾਲੀ ਲਈ, ਸਗੋਂ ਕਾਰਜਸਥਲ ’ਤੇ ਬਿਹਤਰ ਮਾਹੌਲ ਤੇ ਕਾਰਜਕੁਸ਼ਲਤਾ ਵਧਾਉਣ ਲਈ ਵੀ ਮਹੱਤਵਪੂਰਨ ਹੈ। ਪ੍ਰੋਗਰਾਮ ਵਿੱਚ ਮੌਜੂਦ ਅਧਿਕਾਰੀਆਂ, ਕਰਮਚਾਰੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਰਾਜਯੋਗਿਨੀ ਊਸ਼ਾ ਦੀਦੀ ਦੀ ਪ੍ਰੇਰਣਾਦਾਇਕ ਤੇ ਉਪਯੋਗੀ ਵਾਰਤਾ ਨੂੰ ਧਿਆਨ ਨਾਲ ਸੁਣਿਆ। ਪ੍ਰੋਗਰਾਮ ਦਾ ਸਮਾਪਨ ਸਕਾਰਾਤਮਕ ਸੋਚ, ਅੰਦਰੂਨੀ ਸ਼ਾਂਤੀ ਤੇ ਤਣਾਅ-ਮੁਕਤ ਜੀਵਨ ਦੇ ਸੰਦੇਸ਼ ਨਾਲ ਹੋਇਆ।