ਅਧਿਆਪਕ ਜੀਵਨ ਜਿਊਣ ਦਾ ਢੰਗ ਦੱਸਦਾ : ਭਾਟੀਆ 5 ਸਤੰਬਰ ਨੂੰ ਅਧਿਆਪਕ ਦਿਵਸ ਤੇ ਵਿਸ਼ੇਸ਼
Publish Date: Tue, 01 Sep 2026 08:35 PM (IST)
Updated Date: Tue, 01 Sep 2026 08:37 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅਧਿਆਪਕ ਤੇ ਵਿਦਿਆਰਥੀਆਂ ਦਾ ਰਿਸ਼ਤਾ ਸਮਾਜਿਕ ਰਿਸ਼ਤਿਆਂ ਵਿੱਚੋਂ ਸਭ ਤੋਂ ਪਵਿੱਤਰ ਤੇ ਉੱਤਮ ਮੰਨਿਆ ਜਾਂਦਾ ਹੈ। ਪੁਰਾਤਨ ਸਮਿਆਂ ਅਨੁਸਾਰ ਗੁਰੂ-ਚੇਲਾ ਦੀਆਂ ਸਿੱਖਿਆਵਾਂ/ ਸੰਵਾਦ ਤੇ ਗੁਣਾਂ ਦੀਆਂ ਬਾਤਾਂ ਵਰਤਮਾਨ ਸਮਿਆਂ ਲਈ ਗਿਆਨਵਰਧਕ ਸਾਬਤ ਹੋ ਰਹੀਆਂ ਹਨ ਭਾਵ ਜੋ ਗੁਰੂ ਆਪਣੇ ਚੇਲੇ ਨੂੰ ਚੰਗੇਰੇ ਭਵਿੱਖ ਦੀ ਤਰਾਸਦਾ ਸੀ, ਉਹ ਮਿਹਨਤ ਅਜੋਕਾ ਅਧਿਆਪਕ ਆਪਣੇ ਵਿਦਿਆਰਥੀ ਲਈ ਕਰਦਾ ਆ ਰਿਹਾ ਹੈ, ਕਿਉਂਕਿ ਅਧਿਆਪਕ ਸਾਡੇ ਸਮਾਜ ਦੀ ਰੀੜ੍ਹ ਦੀ ਹੱਡੀ ਹਨ, ਜੋ ਵਿਦਿਆਰਥੀ ਦੇ ਅੱਖਰ ਤੇ ਭਵਿੱਖ ਨੂੰ ਮਜ਼ਬੂਤ ਕਰਦਿਆਂ ਦੇਸ਼ ਦੇ ਆਦਰਸ਼ ਨਾਗਰਿਕ ਬਣਾਉਣ ਵਿੱਚ ਵੱਡਾ ਯੋਗਦਾਨ ਪਾ ਰਹੇ ਹਨ। ਉਕਤ ਸ਼ਬਦਾ ਦਾ ਪ੍ਰਗਟਾਵਾ ਸੁਖਵਿੰਦਰ ਮੋਹਨ ਸਿੰਘ ਭਾਟੀਆ ਚੀਫ਼ ਆਰਗੇਨਾਈਜ਼ਰ ਭਾਰਤੀ ਜੀਵਨ ਬੀਮਾ ਨਿਗਮ ਕਪੂਰਥਲਾ ਨੇ ਕੀਤਾ। ਉਨ੍ਹਾਂ ਕਿਹਾ ਕਿ ਅਧਿਆਪਕ ਦਿਵਸ ਨੂੰ ਮਨਾਉਣ ਦੇ ਨਾਲ ਨਾਲ ਅਸੀਂ ਆਪਣੇ ਅਧਿਆਪਕਾਂ ਨੂੰ ਸਨਮਾਨਤ ਕਰਦੇ ਹਾਂ। ਅਧਿਆਪਕ ਗਿਆਨ ਤੇ ਖੁਸ਼ਹਾਲੀ ਦਾ ਉਹ ਸਫ਼ਲ ਸਰੋਤ ਹਨ ਜੋ ਵਿਦਿਆਰਥੀ ਦੀ ਸਫ਼ਲਤਾ ਪਿੱਛੇ ਹਮੇਸ਼ਾ ਸਹਿਯੋਗੀ ਰਿਹਾ ਹੈ ਤੇ ਚੰਗੇਰੇ ਭਵਿੱਖ ਦੀ ਕਾਮਨਾ ਕਰਦਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਜੀਵਨ ਤੇ ਸੁਰੱਖਿਆ ਦਿੰਦੇ ਹਨ ਪ੍ਰੰਤੂ ਅਧਿਆਪਕ ਉਸ ਜੀਵਨ ਨੂੰ ਜਿਊਣ ਦਾ ਢੰਗ ਦੱਸਦਾ ਹੈ। ਹਰੇਕ ਧਰਮ ਦੇ ਪੈਰੋਕਾਰਾਂ/ ਗੁਰੂਆਂ ਸੰਤਾਂ, ਫ਼ਕੀਰਾਂ ਤੇ ਭਗਤਾਂ ਨੇ ਆਪਣੇ ਪਰਮਾਤਮਾ ਆਪਣੇ ਇਸ਼ਟ ਆਪਣੀ ਗੁਰੂ/ਅਕਾਲ ਪੁਰਖ ਨੂੰ ਹਮੇਸ਼ਾ ਇੱਜ਼ਤ ਤੇ ਮਾਣ ਵਡਿਆਈ ਬਖਸ਼ੀ ਹੈ, ਜਿਨ੍ਹਾਂ ਦੀ ਬਖ਼ਸ਼ੀ ਸੂਝ ਦੁਆਰਾ ਉਹ ਸਾਰਥਕ ਜੀਵਨ ਨੂੰ ਅਮਲੀ ਜਾਮਾ ਪਹਿਨਾ ਰਹੇ ਹਨ ਭਾਵ ਗੁਰੂ ਨਾਲ ਸਾਂਝ ਪਕੇਰੀ ਚੰਗੇਰੇ ਭਵਿੱਖ ਦੀ ਨਿਸ਼ਾਨੀ ਹੁੰਦੀ ਹੈ।