ਅਧਿਆਪਕ ਦਿਵਸ ਤੇ ਵਿਸ਼ੇਸ਼ ਅਧਿਆਪਕ ਦਿਵਸ ਤੇ ਵਿਸ਼ੇਸ਼
Publish Date: Fri, 04 Sep 2026 06:47 PM (IST)
Updated Date: Fri, 04 Sep 2026 06:49 PM (IST)
ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਸਮਾਜ ਦੇ ਸਭ ਤੋਂ ਪਵਿੱਤਰ, ਪ੍ਰੇਰਨਾਦਾਇਕ ਤੇ ਡੂੰਘੇ ਰਿਸ਼ਤਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਾਂਝ ਜਮਾਤ ਦੇ ਕਮਰੇ ਜਾਂ ਕਿਤਾਬੀ ਸਿਲੇਬਸ ਸੀਮਤ ਨਹੀਂ ਹੁੰਦੀ। ਸਗੋਂ ਇਹ ਜੀਵਨ ਨੂੰ ਸਹੀ ਦਿਸ਼ਾ ਦੇਣ, ਵਿਦਿਆਰਥੀਆਂ ਦੇ ਵਿਅਕਤੀਗਤ ਨੂੰ ਤਰਾਸ਼ਣ ਤੇ ਚੰਗੇ ਇਨਸਾਨ ਬਣਨ ਦੀ ਨੀਂਹ ਰੱਖਦੀ ਹੈ। ਭਾਰਤੀ ਸੱਭਿਆਚਾਰ ਵਿੱਚ ਗੁਰੂ ਨੂੰ ਸਭ ਤੋਂ ਉੱਚਾ ਸਥਾਨ ਦਿੱਤਾ ਗਿਆ ਹੈ ਕਿਉਂਕਿ ਅਧਿਆਪਕ ਵਿਦਿਆਰਥੀਆਂ ਨੂੰ ਅਗਿਆਨਤਾ ਦੇ ਹਨੇਰੇ ਤੋਂ ਦੂਰ ਕਰਕੇ ਗਿਆਨ ਦਾ ਦੀਵਾ ਜਗਾਉਂਦਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਸਤਨਾਮ ਸਿੰਘ ਗਿੱਲ ਈਟੀਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਮੱਝਾ ਬਲਾਕ ਫਗਵਾੜਾ -2 ਜ਼ਿਲ੍ਹਾ ਕਪੂਰਥਲਾ ਨੇ ਕੀਤਾ। ਇਹ ਸੁਚੱਜਾ ਅਧਿਆਪਕ ਆਪਣੇ ਵਿਦਿਆਰਥੀਆਂ ਲਈ ਮਾਰਗਦਰਸ਼ਕ ਸਰਪ੍ਰਸਤ ਤੇ ਚੰਗੇ ਦੋਸਤ ਦੀ ਭੂਮਿਕਾ ਨਿਭਾਉਂਦਾ ਹੈ। ਉਹ ਬੱਚੇ ਦੀ ਵਿਲੱਖਣ ਪ੍ਰਤਿਭਾ ਤੇ ਕਮਜ਼ੋਰੀਆਂ ਨੂੰ ਪਛਾਣ ਕੇ ਉਸ ਅੱਗੇ ਵੱਧਣ ਦਾ ਹੌਸਲਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵਿਦਿਆਰਥੀ ਅਸਫ਼ਲਤਾਵਾਂ ਜਾਂ ਮੁਸ਼ਕਲਾਂ ਕਾਰਨ ਨਿਰਾਸ਼ ਹੁੰਦਾ ਹੈ। ਅਧਿਆਪਕ ਵੱਲੋਂ ਦਿੱਤੀ ਹੱਲਾਸ਼ੇਰੀ ਸੰਘਰਸ਼ ਕਰਨ ਦੀ ਤਾਕਤ ਬਖਸ਼ਦੀ ਹੈ। ਵਿਦਿਆਰਥੀਆਂ ਦਾ ਅਧਿਆਪਕਾਂ ਪ੍ਰਤੀ ਫ਼ਰਜ਼ ਦੂਸਰੇ ਪਾਸੇ ਵਿਦਿਆਰਥੀਆਂ ਦਾ ਫਰਜ਼ ਬਣਦਾ ਹੈ ਕਿ ਉਹ ਵੀ ਆਪਣੇ ਅਧਿਆਪਕਾਂ ਪ੍ਰਤੀ ਡੂੰਘਾ ਸਤਿਕਾਰ, ਸ਼ਰਧਾ ਤੇ ਭਰੋਸਾ ਰੱਖਣ। ਅਜੋਕੇ ਡਿਜੀਟਲ ਯੁੱਗ ਵਿਚ ਇਸ ਰਿਸ਼ਤੇ ਦਾ ਸਰੂਪ ਕਾਫੀ ਦੋਸਤਾਨਾ ਤੇ ਸਹਿਯੋਗੀ ਹੋ ਗਿਆ, ਜਿੱਥੇ ਖੁੱਲ੍ਹੀ ਵਿਚਾਰ ਚਰਚਾ ਨੂੰ ਪਹਿਲ ਮਿਲਦੀ ਹੈ। ਇਸ ਦੋਸਤੀ ਦੇ ਬਾਵਜੂਦ ਆਪਸੀ ਸਤਿਕਾਰ ਤੇ ਮਰਿਆਦਾ ਦੀ ਹੱਦ ਕਾਇਮ ਰਹਿਣੀ ਚਾਹੀਦੀ ਹੈ। ਜਦ ਅਧਿਆਪਕ ਦੀ ਮਿਹਨਤ ਤੇ ਵਿਦਿਆਰਥੀਆਂ ਦੀ ਸੱਚੀ ਲਗਨ ਆਪਸ ਵਿੱਚ ਮਿਲਦੀ ਹੈ ਤਾਂ ਇਸ ਨਾਲ ਉਸਦੇ ਸ਼ਾਨਦਾਰ ਭਵਿੱਖ ਦਾ ਨਿਰਮਾਣ ਹੁੰਦਾ ਹੈ। ਸਮੁੱਚਾ ਸਮਾਜ ਤੇ ਦੇਸ਼ ਉੱਨਤੀ ਦੀ ਰਾਹ ’ਤੇ ਤੁਰ ਪੈਂਦਾ ਹੈ।