ਪੈਦਲ ਯਾਤਰਾ ਦੌਰਾਨ ਮੈਡੀਕਲ ਸਹਾਇਤਾ ਦਿੱਤੀ ਜਾਵੇਗੀ : ਧੁੰਨਾਂ ਸਿਟੀ ਸੇਵਾ ਸੁਸਾਇਟੀ ਕਪੂਰਥਲਾ ਦੀ ਹੋਈ ਵਿਸ਼ੇਸ਼ ਮੀਟਿੰਗ
Publish Date: Thu, 12 Nov 2026 07:05 PM (IST)
Updated Date: Thu, 12 Nov 2026 07:06 PM (IST)
ਸਿਟੀ ਸੇਵਾ ਸੁਸਾਇਟੀ ਕਪੂਰਥਲਾ ਦੀ ਹੋਈ ਵਿਸ਼ੇਸ਼ ਮੀਟਿੰਗ ਅਮਰੀਕ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿਚ ਸ੍ਰੀ ਦਸਮੇਸ਼ ਸੇਵਕ ਜੱਥਾ ਵੱਲੋਂ 26ਵੀਂ ਮਹਾਨ ਪੈਦਲ ਯਾਤਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 15 ਨਵੰਬਰ ਨੂੰ ਸਟੇਟ ਗੁਰਦੁਆਰਾ ਸਾਹਿਬ ਕਪੂਰਥਲਾ ਤੋਂ ਆਰੰਭ ਹੋ ਰਹੀ ਹੈ, ਉਸ ਦੇ ਸਬੰਧ ਵਿਚ ਪੈਦਲ ਯਾਤਰਾ ਦੌਰਾਨ ਸਿਟੀ ਸੇਵਾ ਸੁਸਾਇਟੀ ਕਪੂਰਥਲਾ ਵੱਲੋਂ ਯਾਤਰੂ ਲਈ ਮੈਡੀਕਲ ਸੇਵਾ ਲਈ ਡਾਕਟਰਾਂ ਦੀ ਟੀਮ ਤੇ ਮੁਫ਼ਤ ਦਵਾਈਆਂ ਲੋੜਵੰਦਾਂ ਨੂੰ ਵੰਡੀਆਂ ਜਾਂਦੀ ਹਨ, ਇਸ ਯਾਤਰਾ ਦੌਰਾਨ ਕਪੂਰਥਲਾ ਤੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਜਗ੍ਹਾ-ਜਗ੍ਹਾ ’ਤੇ ਮੈਡੀਕਲ ਕੈਂਪ ਲਗਾਏ ਜਾਂਦੇ ਹਨ। ਰੇਲ ਕੋਚ ਫੈਕਟਰੀ, ਖੈੜਾ ਦੋਨਾਂ, ਪਾਜੀਆਂ ਪ੍ਰਮੁੱਖ ਰੂਪ ਵਿਚ ਡਡਵਿੰਡੀ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਲਗਾਏ ਜਾਂਦੇ ਹਨ। ਇਸ ਸਬੰਧ ਵਿਚ ਤਿਆਰੀਆਂ ਲਈ ਸਿਟੀ ਸੇਵਾ ਸੁਸਾਇਟੀ ਦੀ ਵਿਸ਼ੇਸ਼ ਮੀਟਿੰਗ ਦਫ਼ਤਰ ਸਿਟੀ ਸੇਵਾ ਸੁਸਾਇਟੀ ਕਪੂਰਥਲਾ ਵਿਖੇ ਪ੍ਰਧਾਨ ਪਵਨ ਕੁਮਾਰ ਧੁੰਨਾਂ, ਚੇਅਰਮੈਨ ਹਰਜੀਤ ਸਿੰਘ ਭਾਟੀਆ, ਸਕੱਤਰ ਪ੍ਰੀਤਪਾਲ ਸਿੰਘ ਸੋਨੂੰ ਦੀ ਅਗਵਾਈ ਵਿਚ ਹੋਈ, ਜਿਸ ਵਿਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਪੈਦਲ ਯਾਤਰਾ ਦੌਰਾਨ ਚੱਲਦੀ ਫਿਰਦੀ ਮੈਡੀਕਲ ਦੀ ਮੁੱਢਲੀ ਸਹਾਇਤਾ ਲਈ ਐਬੂਲੈਂਸ ਹੋਵੇਗੀ ਤੇ ਸਾਰੇ ਰੂਟ ਵਿਚ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ, ਜੇਕਰ ਕਿਸੇ ਵਿਅਕਤੀ ਨੂੰ ਜ਼ਿਆਦਾ ਤਕਲੀਫ ਹੋ ਜਾਂਦੀ ਹੈ ਤਾਂ ਉਨ੍ਹਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਕਪੂਰਥਲਾ, ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਤੁਰੰਤ ਸਹਾਇਤਾ ਲਈ ਲਿਜਾਇਆ ਜਾਂਦਾ ਹੈ।