ਲਾਇਲਪੁਰ ਖ਼ਾਲਸਾ ਕਾਲਜ ’ਚ ਵਿਸ਼ੇਸ਼ ਲੈਕਚਰ ਕਰਵਾਇਆ ਲਾਇਲਪੁਰ ਖ਼ਾਲਸਾ ਕਾਲਜ ਵਿਖੇ (IPR) ਬੌਧਿਕ ਸੰਪਦਾ ਅਧਿਕਾਰਾਂ ਬਾਰੇ ਵਿਸ਼ੇਸ਼ ਲੈਕਚਰ
Publish Date: Tue, 22 Sep 2026 10:03 PM (IST)
Updated Date: Tue, 22 Sep 2026 10:06 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਲਾਇਲਪੁਰ ਖ਼ਾਲਸਾ ਕਾਲਜ, ਕਪੂਰਥਲਾ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਵਿੱਚ ਬੌਧਿਕ ਸੰਪਦਾ ਅਧਿਕਾਰਾਂ ਸਬੰਧੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਇੱਕ ਵਿਸ਼ੇਸ਼ ਲੈਕਚਰ ਕਰਵਾਇਆ। ਇਸ ਮੌਕੇ ਡਾ. ਨਵਲੀਨ ਮੁਲਤਾਨੀ, ਡੀਨ ਰਿਸਰਚ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਨੇ ਯੂਨੀਵਰਸਿਟੀ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਡਾ. ਨਵਲੀਨ ਮੁਲਤਾਨੀ ਨੇ ਆਪਣੇ ਵਿਸਥਾਰਪੂਰਵਕ ਤੇ ਜਾਣਕਾਰੀ ਭਰਪੂਰ ਸੰਬੋਧਨ ਦੌਰਾਨ ਬੌਧਿਕ ਸੰਪਦਾ ਅਧਿਕਾਰਾਂ ਦੀ ਮਹੱਤਤਾ ਤੇ ਅਜੋਕੇ ਗਿਆਨ-ਆਧਾਰਿਤ ਸਮਾਜ ਵਿੱਚ ਇਸ ਦੀ ਭੂਮਿਕਾ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਪੇਟੈਂਟ, ਕਾਪੀਰਾਈਟ, ਟ੍ਰੇਡਮਾਰਕ, ਇੰਡਸਟਰੀਅਲ ਡਿਜ਼ਾਈਨ ਤੇ ਜਿਓਗ੍ਰਾਫੀਕਲ ਇੰਡੀਕੇਸ਼ਨ ਸਮੇਤ ਬੌਧਿਕ ਸੰਪਦਾ ਦੇ ਵੱਖ-ਵੱਖ ਰੂਪਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਖੋਜ, ਨਵੀਨਤਾ, ਰਚਨਾਤਮਕਤਾ ਅਤੇ ਨਵੀਂ ਤਕਨੀਕੀ ਸੋਚ ਕਿਸੇ ਵੀ ਗਿਆਨ-ਆਧਾਰਿਤ ਅਰਥਵਿਵਸਥਾ ਦੀ ਮਜ਼ਬੂਤ ਨੀਂਹ ਹਨ। ਇਸ ਲਈ ਵਿਦਿਆਰਥੀਆਂ, ਅਧਿਆਪਕਾਂ ਤੇ ਖੋਜਾਰਥੀਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੀ ਨਵੀਂ ਖੋਜ, ਵਿਚਾਰ, ਰਚਨਾ ਜਾਂ ਤਕਨੀਕੀ ਨਵੀਨਤਾ ਨੂੰ ਕਾਨੂੰਨੀ ਸੁਰੱਖਿਆ ਕਿਵੇਂ ਪ੍ਰਦਾਨ ਕੀਤੀ ਜਾ ਸਕਦੀ ਹੈ। ਰਿਸੋਰਸ ਪਰਸਨ ਨੇ ਖਾਸ ਤੌਰ ’ਤੇ ਪੇਟੈਂਟ ਪ੍ਰਾਪਤ ਕਰਨ ਦੀ ਪ੍ਰਕਿਰਿਆ, ਕਾਪੀਰਾਈਟ ਦੀ ਸੁਰੱਖਿਆ, ਟ੍ਰੇਡਮਾਰਕ ਦੀ ਮਹੱਤਤਾ ਅਤੇ ਬੌਧਿਕ ਸੰਪਦਾ ਦੀ ਉਲੰਘਣਾ ਨਾਲ ਸਬੰਧਤ ਪੱਖਾਂ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਉਪਰੰਤ ਇੱਕ ਇੰਟਰਐਕਟਿਵ ਪ੍ਰਸ਼ਨੋਤਰੀ ਸੈਸ਼ਨ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਬੌਧਿਕ ਸੰਪਦਾ ਦੇ ਵੱਖ-ਵੱਖ ਪੱਖਾਂ ਨਾਲ ਸਬੰਧਤ ਸਵਾਲ ਪੁੱਛੇ। ਡਾ. ਮੁਲਤਾਨੀ ਨੇ ਸਾਰੇ ਸਵਾਲਾਂ ਦੇ ਵਿਹਾਰਕ ਤੇ ਵਿਸਥਾਰਪੂਰਵਕ ਜਵਾਬ ਦਿੱਤੇ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ ਕਾਲਜ ਵੱਲੋਂ ਭਵਿੱਖ ਵਿੱਚ ਵੀ ਖੋਜ, ਨਵੀਨਤਾ ਤੇ ਬੌਧਿਕ ਸੰਪਦਾ ਨਾਲ ਸਬੰਧਤ ਅਜਿਹੇ ਵਿਦਿਅਕ ਤੇ ਜਾਗਰੂਕਤਾ ਪ੍ਰੋਗਰਾਮ ਲਗਾਤਾਰ ਕਰਵਾਏ ਜਾਣਗੇ। ਰੀਜਨਲ ਸੈਂਟਰ ਦੇ ਕੋਆਰਡੀਨੇਟਰ, ਅਸਿਸਟੈਂਟ ਪ੍ਰੋਫ਼ੈਸਰ ਮਨਜਿੰਦਰ ਸਿੰਘ ਜੌਹਲ ਨੇ ਰਿਸੋਰਸ ਪਰਸਨ, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਹਿਯੋਗ ਤੇ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ। ਅੰਤ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਢਿੱਲੋ ਵੱਲੋਂ ਮੁੱਖ ਰਿਸੋਰਸ ਪਰਸਨ ਡਾ. ਨਵਲੀਨ ਮੁਲਤਾਨੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।