ਫੂਡ ਸੇਫਟੀ ਵਿੰਗ ਦੀ ਵਿਸ਼ੇਸ਼ ਜਾਂਚ ਮੁਹਿੰਮ ਜਾਰੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਜਾਰੀ
Publish Date: Tue, 03 Nov 2026 07:55 PM (IST)
Updated Date: Tue, 03 Nov 2026 07:56 PM (IST)
ਸੁਖਪਾਲ ਹੁੰਦਲ/ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕਮਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ, ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਿਵੀਜ਼ਨਲ ਮਜਿਸਟਰੇਟ ਸੁਲਤਾਨਪੁਰ ਲੋਧੀ ਦੁਆਰਾ ਗਠਿਤ ਕੀਤੀ ਗਈ ਵੱਖ-ਵੱਖ ਵਿਭਾਗਾਂ ਦੀ ਟੀਮ ਜਿਨ੍ਹਾਂ ਵਿੱਚ ਪੁਲਿਸ ਵਿਭਾਗ, ਫੂਡ ਸਪਲਾਈ, ਨਗਰ ਕੌਂਸਲ, ਨਾਪਤੋਲ ਵਿਭਾਗ ਆਦਿ ਦੇ ਨੁਮਾਇੰਦੇ ਸ਼ਾਮਲ ਸਨ, ਵੱਲੋਂ ਸੁਲਤਾਨਪੁਰ ਲੋਧੀ ਤੇ ਆਸਪਾਸ ਦੇ ਏਰੀਏ ਵਿੱਚ ਮਠਿਆਈ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ। ਇਸ ਕਾਰਵਾਈ ਦੌਰਾਨ ਮਠਿਆਈਆਂ ਦੀ ਗੁਣਵੱਤਾ ਤੇ ਸੁਰੱਖਿਆ ਦੀ ਜਾਂਚ ਲਈ ਰੋਸਟਿਡ ਬਰਫ਼ੀ, ਖੋਇਆ, ਪੇਸਟਰੀ ਤੇ ਗੁਲਾਬ ਜਾਮੁਨ ਆਦਿ ਦੇ ਕੁੱਲ 4 ਸੈਂਪਲ ਲਏ ਗਏ। ਜਾਂਚ ਦੌਰਾਨ ਲਏ ਗਏ ਸਾਰੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਵਿਸ਼ਲੇਸ਼ਣ ਤੇ ਰਿਪੋਰਟ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜ ਦਿੱਤੇ ਗਏ ਹਨ। ਲੈਬਾਰਟਰੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿੰਗ ਵੱਲੋਂ ਮਠਿਆਈਆਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਖੁਰਾਕ ਪਦਾਰਥਾਂ ਦੀ ਤਿਆਰੀ, ਸਟੋਰੇਜ ਤੇ ਵਿਕਰੀ ਦੌਰਾਨ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਇਸ ਦੇ ਨਾਲ ਹੀ, ਖਪਤਕਾਰਾਂ ਨੂੰ ਸੁਰੱਖਿਅਤ ਤੇ ਮਿਆਰੀ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਫੂਡ ਸੇਫਟੀ ਵਿੰਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖਾਧ ਪਦਾਰਥਾਂ ਦੀ ਗੁਣਵੱਤਾ ਅਤੇ ਸੁਰੱਖਿਆ ਯਕੀਨੀ ਬਣਾਉਣ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ। ਨਿਯਮਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਜਾਂਚ ਮੁਹਿੰਮ ਦੌਰਾਨ ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ (ਫੂਡ) ਤੇ ਰਮਨ ਵਿਰਦੀ ਫੂਡ ਸੇਫਟੀ ਅਫ਼ਸਰ ਕਪੂਰਥਲਾ ਸ਼ਾਮਲ ਸਨ।