ਫੂਡ ਸੇਫਟੀ ਵਿੰਗ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਜਾਰੀ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਵਿਸ਼ੇਸ਼ ਜਾਂਚ ਮੁਹਿੰਮ ਜਾਰੀ
Publish Date: Tue, 20 Oct 2026 06:36 PM (IST)
Updated Date: Tue, 20 Oct 2026 06:39 PM (IST)
ਸੁਖਪਾਲ ਹੁੰਦਲ\ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕਮਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ, ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਖੁਰਾਕ ਪਦਾਰਥਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਜਾਂਚ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਮਿਤੀ 19 ਅਕਤੂਬਰ, 2026 ਨੂੰ ਦੁਸਹਿਰੇ ਦੇ ਤਿਉਹਾਰ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਫਗਵਾੜਾ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮਠਿਆਈਆਂ ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਇਸ ਕਾਰਵਾਈ ਦੌਰਾਨ ਮਠਿਆਈਆਂ ਦੀ ਗੁਣਵੱਤਾ ਤੇ ਸੁਰੱਖਿਆ ਦੀ ਜਾਂਚ ਲਈ ਰਸਗੁੱਲਾ, ਚਮ ਚਮ, ਮਿਲਕ ਕੇਕ ਤੇ ਕਲਾਕੰਦ ਦੇ ਕੁੱਲ 4 ਸੈਂਪਲ ਲਏ ਗਏ। ਜਾਂਚ ਦੌਰਾਨ ਲਏ ਗਏ ਸਾਰੇ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਵਿਸ਼ਲੇਸ਼ਣ ਤੇ ਰਿਪੋਰਟ ਲਈ ਸਟੇਟ ਫੂਡ ਲੈਬਾਰਟਰੀ ਵਿਖੇ ਭੇਜ ਦਿੱਤੇ ਗਏ ਹਨ। ਲੈਬਾਰਟਰੀ ਦੀਆਂ ਰਿਪੋਰਟਾਂ ਦੇ ਆਧਾਰ ਤੇ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਫੂਡ ਸੇਫਟੀ ਵਿੰਗ ਵੱਲੋਂ ਮਠਿਆਈਆਂ ਦੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਖੁਰਾਕ ਪਦਾਰਥਾਂ ਦੀ ਤਿਆਰੀ, ਸਟੋਰੇਜ ਤੇ ਵਿਕਰੀ ਦੌਰਾਨ ਨਿਰਧਾਰਤ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਨੂੰ ਯਕੀਨੀ ਬਣਾਉਣ। ਇਸ ਦੇ ਨਾਲ ਹੀ, ਖਪਤਕਾਰਾਂ ਨੂੰ ਸੁਰੱਖਿਅਤ ਤੇ ਮਿਆਰੀ ਖੁਰਾਕ ਪਦਾਰਥ ਮੁਹੱਈਆ ਕਰਵਾਉਣ ਦੀ ਅਪੀਲ ਵੀ ਕੀਤੀ ਗਈ। ਫੂਡ ਸੇਫਟੀ ਵਿੰਗ ਵੱਲੋਂ ਸਪੱਸ਼ਟ ਕੀਤਾ ਗਿਆ ਕਿ ਤਿਉਹਾਰਾਂ ਦੇ ਸੀਜ਼ਨ ਦੌਰਾਨ ਖੁਰਾਕ ਪਦਾਰਥਾਂ ਦੀ ਗੁਣਵੱਤਾ ਤੇ ਸੁਰੱਖਿਆ ਯਕੀਨੀ ਬਣਾਉਣ ਲਈ ਜਾਂਚ ਮੁਹਿੰਮ ਲਗਾਤਾਰ ਜਾਰੀ ਰਹੇਗੀ। ਨਿਯਮਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਕਾਨੂੰਨ ਅਧੀਨ ਬਣੇ ਨਿਯਮਾਂ ਤੇ ਵਿਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਜਾਂਚ ਮੁਹਿੰਮ ਦੌਰਾਨ ਹਰਜੋਤ ਪਾਲ ਸਿੰਘ, ਸਹਾਇਕ ਕਮਿਸ਼ਨਰ (ਫੂਡ) ਤੇ ਮਹਿਕ ਸੈਣੀ ਫੂਡ ਸੇਫਟੀ ਅਫ਼ਸਰ ਕਪੂਰਥਲਾ ਸ਼ਾਮਲ ਸਨ।