ਫ਼ੂਡ ਸੇਫਟੀ ਵਿੰਗ ਕਪੂਰਥਲਾ ਨੇ ਛੇੜੀ ਜਾਂਚ ਮੁਹਿੰਮ ਤਿਓਹਾਰਾਂ ਦੇ ਸੀਜ਼ਨ ਨੂੰ ਮੁਖ ਰੱਖਦੇ ਹੋਏ ਫ਼ੂਡ ਸੇਫਟੀ ਵਿੰਗ ਕਪੂਰਥਲਾ ਵਲੋਂ ਵਿਸ਼ੇਸ਼ ਜਾਂਚ ਮੁਹਿੰਮ
Publish Date: Sat, 12 Sep 2026 08:43 PM (IST)
Updated Date: Sat, 12 Sep 2026 08:47 PM (IST)
ਅਵਿਨਾਸ਼ ਸ਼ਰਮਾ, ਪੰਜਾਬੀ ਜਾਗਰਣ ਕਪੂਰਥਲਾ : ਕਮਲਪ੍ਰੀਤ ਕੌਰ ਬਰਾੜ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ, ਆਕਾਸ਼ ਬਾਂਸਲ ਡਿਪਟੀ ਕਮਿਸ਼ਨਰ ਕਪੂਰਥਲਾ ਤੇ ਡਾ. ਰਾਜੀਵ ਪਰਾਸ਼ਰ ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ-ਨਿਰਦੇਸ਼ਾਂ ਤੇ ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਨੂੰ ਮੁੱਖ ਰੱਖਦੇ ਹੋਏ ਸਹਾਇਕ ਕਮਿਸ਼ਨਰ ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਵਿੰਗ ਵੱਲੋਂ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਗਿਆ, ਜਿਸ ਤਹਿਤ ਫਗਵਾੜਾ ਤੇ ਪਾਸ਼ਟ ਦੇ ਵੱਖ-ਵੱਖ ਖੇਤਰਾਂ ਵਿੱਚੋਂ ਹਲਵਾਈਆਂ, ਡੇਅਰੀਆਂ ਤੇ ਹੋਰ ਮਠਿਆਇਆ ਨਾਲ ਜੁੜੇ ਕਾਰੋਬਾਰੀਆਂ ਦੀ ਵਰਕਸ਼ਾਪਾਂ ਦੀ ਜਾਂਚ ਕੀਤੀ ਗਈ। ਅਭਿਆਨ ਦੌਰਾਨ ਟੀਮ ਵੱਲੋਂ ਕੁੱਲ 6 ਸੈਂਪਲ ਭਰੇ ਗਏ, ਜਿਨ੍ਹਾਂ ਵਿੱਚ ਖੋਇਆ ਤੇ ਪਨੀਰ ਦੇ ਸੈਂਪਲ ਸ਼ਾਮਲ ਹਨ, ਉਕਤ ਸਾਰੇ ਸੈਂਪਲ ਮੌਕੇ ’ਤੇ ਹੀ ਸੀਲ ਕਰਕੇ ਵਿਸ਼ਲੇਸ਼ਣ ਲਈ ਸਟੇਟ ਫੂਡ ਲੈਬੋਰਟਰੀ ਭੇਜ ਦਿੱਤੇ ਗਏ ਹਨ। ਜਾਂਚ ਰਿਪੋਰਟ ਪ੍ਰਾਪਤ ਹੋਣ ਉਪਰੰਤ, ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਦੀਆਂ ਵਿਵਸਥਾਵਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਅਭਿਆਨ ਦੀ ਅਗਵਾਈ ਡਾ. ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ (ਫੂਡ) ਵੱਲੋਂ ਕੀਤੀ ਗਈ, ਜਦਕਿ ਟੀਮ ਵਿੱਚ ਮਹਿਕ ਸੈਣੀ ਫੂਡ ਸੇਫਟੀ ਅਫ਼ਸਰ ਵੀ ਸ਼ਾਮਲ ਸਨ। ਚੈਕਿੰਗ ਦੌਰਾਨ ਵੱਖ-ਵੱਖ ਹਲਵਾਈਆਂ, ਡੇਅਰੀ ਵਾਲਿਆਂ ਦਾ ਨਿਰੀਖਣ ਕੀਤਾ ਗਿਆ ਤੇ ਫੂਡ ਕਾਰੋਬਾਰੀਆਂ ਨੂੰ ਖਾਧ ਸੁਰੱਖਿਆ ਤੇ ਸਫ਼ਾਈ ਸਬੰਧੀ ਲਾਜ਼ਮੀ ਹਦਾਇਤਾਂ ਜਾਰੀ ਕੀਤੀਆਂ ਗਈਆਂ। ਉਨ੍ਹਾਂ ਨੂੰ ਅਦਾਰੇ ਨੂੰ ਹਰ ਸਮੇਂ ਸਾਫ਼-ਸੁਥਰਾ ਰੱਖਣ, ਢੱਕਣ ਵਾਲੇ ਡਸਟਬਿਨ ਦੀ ਵਰਤੋਂ ਕਰਨ, ਕੂੜਾ-ਕਰਕਟ ਖੁੱਲ੍ਹੇ ਵਿੱਚ ਜਾਂ ਸੜਕ ’ਤੇ ਨਾ ਸੁੱਟਣ ਤੇ ਕੰਮ ਦੌਰਾਨ ਯਥਾਸੰਭਵ ਦਸਤਾਨੇ ਤੇ ਹੈੱਡ ਕੈਪ ਦੀ ਵਰਤੋਂ ਕਰਨ ਲਈ ਕਿਹਾ ਗਿਆ। ਇਹ ਆਮ ਤੌਰ ’ਤੇ ਦੇਖਣ ਵਿੱਚ ਆਇਆ ਹੈ ਕਿ ਖੋਇਆ ਤੇ ਪਨੀਰ ਵਿੱਚ ਮਿਲਾਵਟ ਦੀ ਸੰਭਾਵਨਾ ਵੱਧ ਹੁੰਦੀ ਹੈ, ਜਿਸ ਨੂੰ ਮੁੱਖ ਰੱਖਦੇ ਹੋਏ ਸਮੂਹ ਹਲਵਾਈਆਂ, ਡੇਅਰੀ ਵਾਲਿਆਂ ਤੇ ਹੋਰ ਮਠਿਆਇਆ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਖੋਇਆ ਤੇ ਪਨੀਰ ਜਾਂ ਤਾਂ ਆਪਣੇ ਅਦਾਰੇ ਵਿੱਚ ਖੁਦ ਤਿਆਰ ਕੀਤਾ ਜਾਵੇ ਜਾ ਕਿਸੇ ਉੱਚ ਵੱਕਾਰੀ ਕਾਰੋਬਾਰੀ ਅਦਾਰੇ ਤੋਂ ਹੀ ਪੱਕੇ ਬਿੱਲ ’ਤੇ ਮੰਗਵਾਇਆ ਜਾਵੇ, ਕਿਉਂਕਿ ਅਜਿਹਾ ਨਾ ਹੋਣ ਦੇ ਸੂਰਤ ਵਿੱਚ ਉਕਤ ਖਾਦ ਪਦਾਰਥਾਂ ਤੇ ਮਿਲਾਵਟੀ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ। ਇਸ ਨਾਲ ਇਹ ਵੀ ਲਿਖਿਆ ਜਾਂਦਾ ਹੈ ਕਿ ਜੇਕਰ ਖੋਇਆ ਤੇ ਪਨੀਰ ਜਾਂ ਕੋਈ ਹੋਰ ਉਤਪਾਦ ਸਸਤਾ ਮਿਲ ਰਿਹਾ ਹੈ ਤੇ ਉਸ ’ਤੇ ਸ਼ੱਕ ਹੈ ਤੇ ਇਸ ਦੇ ਬਾਰੇ ਵਿਭਾਗ ਨੂੰ ਸੂਚਿਤ ਕੀਤਾ ਜਾਵੇ। ਟੀਮ ਵੱਲੋਂ ਕਾਰੋਬਾਰੀਆਂ ਨੂੰ ਇਹ ਵੀ ਜਾਗਰੂਕ ਕੀਤਾ ਗਿਆ ਕਿ ਫ੍ਰਾਈ ਕਰਨ ਲਈ ਵਰਤਿਆ ਜਾਣ ਵਾਲਾ ਖਾਣ ਵਾਲਾ ਤੇਲ ਦੋ ਵਾਰ ਤੋਂ ਵੱਧ ਨਾ ਵਰਤਿਆ ਜਾਵੇ, ਕਿਉਂਕਿ ਵਾਰ-ਵਾਰ ਵਰਤਣ ਨਾਲ ਉਸ ਵਿੱਚ ਟੋਟਲ ਪੋਲਰ ਕੰਪਾਊਂਡ ਟੀਪੀਸੀ ਦੀ ਮਾਤਰਾ ਖਤਰਨਾਕ ਪੱਧਰ ਤੱਕ ਵੱਧ ਸਕਦੀ ਹੈ, ਜੋ ਸਿਹਤ, ਖ਼ਾਸ ਕਰਕੇ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਇਲਾਵਾ ਖਾਧ ਪਦਾਰਥਾਂ ਵਿੱਚ ਰੰਗਾਂ ਦੀ ਵਰਤੋਂ ਨਾ ਕਰਨ ਤੇ ਗਰਮੀਆਂ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਲੋੜ ਅਨੁਸਾਰ ਹੀ ਖਾਧ ਸਮੱਗਰੀ ਤਿਆਰ ਕਰਨ ਦੀ ਹਦਾਇਤ ਦਿੱਤੀ ਗਈ, ਤਾਂ ਜੋ ਲੰਬੇ ਸਮੇਂ ਤੱਕ ਰੱਖੇ ਜਾਣ ਕਾਰਨ ਖਾਧ ਪਦਾਰਥਾਂ ਦੀ ਗੁਣਵੱਤਾ ਪ੍ਰਭਾਵਿਤ ਨਾ ਹੋਵੇ। ਸਮੂਹ ਫੂਡ ਕਾਰੋਬਾਰੀਆਂ ਨੂੰ ਆਪਣੇ ਸਲਾਨਾ ਟਰਨਓਵਰ ਅਨੁਸਾਰ ਫੂਡ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਡੇਢ ਕਰੋੜ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਫੂਡ ਕਾਰੋਬਾਰੀਆਂ ਲਈ ਰਜਿਸਟ੍ਰੇਸ਼ਨ ਤੇ ਡੇਢ ਕਰੋੜ ਤੋਂ 50 ਕਰੋੜ ਰੁਪਏ ਤੱਕ ਦੇ ਸਲਾਨਾ ਟਰਨਓਵਰ ਵਾਲੇ ਫੂਡ ਕਾਰੋਬਾਰੀਆਂ ਲਈ ਫੂਡ ਲਾਇਸੈਂਸ ਲੈਣਾ ਲਾਜ਼ਮੀ ਹੈ।