- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਫੂਡ ਸੇਫਟੀ ਵਿੰਗ, ਕਪੂਰਥਲਾ ਵੱਲੋਂ ਵਿਸ਼ੇਸ਼ ਜਾਂਚ ਅਤੇ ਜਾਗਰੂਕਤਾ ਮੁਹਿੰਮ

ਸੁਖਪਾਲ ਹੁੰਦਲ/ਵਿਜੈ ਸੋਨੀ, ਪੰਜਾਬੀ ਜਾਗਰਣ
ਕਪੂਰਥਲਾ/ਫਗਵਾੜਾ : ਫੂਡ ਸੇਫਟੀ ਵਿੰਗ ਕਪੂਰਥਲਾ ਵੱਲੋਂ ਤਿਉਹਾਰਾਂ ਦੇ ਸੀਜ਼ਨ ਦੇ ਮੱਦੇਨਜ਼ਰ ਸਹਾਇਕ ਕਮਿਸ਼ਨਰ (ਫੂਡ) ਹਰਜੋਤ ਪਾਲ ਸਿੰਘ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਤੇ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਤਹਿਤ ਅੱਜ ਫੂਡ ਸੇਫਟੀ ਵਿੰਗ ਵੱਲੋਂ ਫਗਵਾੜਾ ਖੇਤਰ ਵਿੱਚ ਵੱਖ-ਵੱਖ ਫੂਡ ਕਾਰੋਬਾਰੀ ਅਦਾਰਿਆਂ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਖੁਰਾਕ ਪਦਾਰਥਾਂ ਦੀ ਗੁਣਵੱਤਾ, ਸਟੋਰੇਜ, ਸਫ਼ਾਈ, ਪੈਕਿੰਗ, ਲੇਬਲਿੰਗ, ਮਿਆਦ ਤੇ ਹੋਰ ਫੂਡ ਸੇਫਟੀ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕੀਤੀ ਗਈ। ਜਾਂਚ ਦੌਰਾਨ ਦੇਸੀ ਘਿਓ ਦਾ ਇੱਕ ਸੈਂਪਲ ਸ਼ੱਕ ਦੇ ਆਧਾਰ ’ਤੇ ਜਾਂਚ ਲਈ ਲਿਆ ਗਿਆ ਤੇ ਇਸ ਸਬੰਧੀ 178 ਕਿਲੋਗ੍ਰਾਮ ਦੇਸੀ ਘਿਓ ਜ਼ਬਤ ਕੀਤਾ ਗਿਆ। ਜ਼ਬਤ ਕੀਤੇ ਗਏ ਖੁਰਾਕ ਪਦਾਰਥ ਨੂੰ ਨਿਰਧਾਰਤ ਕਾਨੂੰਨੀ ਪ੍ਰਕਿਰਿਆ ਅਨੁਸਾਰ ਅਗਲੇਰੀ ਕਾਰਵਾਈ ਲਈ ਸੁਰੱਖਿਅਤ ਰੱਖਿਆ ਗਿਆ ਹੈ। ਇਸ ਤੋਂ ਇਲਾਵਾ, ਟੀਮ ਵੱਲੋਂ ਦੁੱਧ, ਆਈਸਕ੍ਰੀਮ ਆਦਿ ਸਮੇਤ ਕੁੱਲ 3 ਖੁਰਾਕ ਪਦਾਰਥਾਂ ਦੇ ਸੈਂਪਲ ਵੀ ਜਾਂਚ ਲਈ ਲਏ ਗਏ। ਇਹ ਸੈਂਪਲ ਨਿਰਧਾਰਤ ਪ੍ਰਕਿਰਿਆ ਅਨੁਸਾਰ ਜਾਂਚ ਲਈ ਭੇਜੇ ਗਏ ਹਨ, ਤਾਂ ਜੋ ਉਨ੍ਹਾਂ ਦੀ ਗੁਣਵੱਤਾ ਅਤੇ ਸੁਰੱਖਿਆ ਸਬੰਧੀ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਦੀ ਜਾਂਚ ਕੀਤੀ ਜਾ ਸਕੇ। ਇਸੇ ਦੌਰਾਨ, ਫੂਡ ਸੇਫਟੀ ਵਿੰਗ ਵੱਲੋਂ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਮਿਡ-ਡੇ ਮੀਲ ਸਬੰਧੀ ਖੁਰਾਕ ਸੁਰੱਖਿਆ ਤੇ ਗੁਣਵੱਤਾ ਯਕੀਨੀ ਬਣਾਉਣ ਲਈ ਕੁੱਲ 4 ਮਿਡ ਡੇ ਮੀਲ ਸੈਂਪਲ ਵੀ ਜਾਂਚ ਲਈ ਲਏ ਗਏ। ਇਸ ਤੋਂ ਇਲਾਵਾ, ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਐਨਰਜੀ ਡਰਿੰਕ ਦੇ ਸੇਵਨ ਦੇ ਸੰਭਾਵਿਤ ਹਾਨੀਕਾਰਕ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਇਨ੍ਹਾਂ ਵਿੱਚ ਮੌਜੂਦ ਕੈਫੀਨ ਤੇ ਹੋਰ ਉਤੇਜਕ ਤੱਤ ਬੱਚਿਆਂ ਲਈ ਉਚਿਤ ਨਹੀਂ ਹਨ ਤੇ ਇਨ੍ਹਾਂ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਫੂਡ ਸੇਫਟੀ ਵਿੰਗ ਵੱਲੋਂ ਸਰਕਾਰੀ ਸਕੂਲਾਂ ਦੇ ਆਲੇ-ਦੁਆਲੇ 50 ਮੀਟਰ ਦੇ ਘੇਰੇ ਅੰਦਰ ਵਿਕਰੀ ਕੀਤੇ ਜਾ ਰਹੇ ਐਨਰਜੀ ਡਰਿੰਕ ਦੀ ਵੀ ਜਾਂਚ ਕੀਤੀ ਗਈ। ਜਾਂਚ ਦੌਰਾਨ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਕੇ ਵਿਕਰੀ ਕੀਤੇ ਜਾ ਰਹੇ ਐਨਰਜੀ ਡਰਿੰਕ ਜ਼ਬਤ ਕੀਤੇ ਗਏ। ਫੂਡ ਕਾਰੋਬਾਰੀਆਂ ਨੂੰ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਹਦਾਇਤ ਕੀਤੀ ਗਈ। ਉਨ੍ਹਾਂ ਨੂੰ ਖੁਰਾਕ ਪਦਾਰਥਾਂ ਦੀ ਸਹੀ ਸਟੋਰੇਜ, ਸਫ਼ਾਈ ਤੇ ਸੁਰੱਖਿਅਤ ਹੈਂਡਲਿੰਗ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ। ਨਿਯਮਾਂ ਦੀ ਉਲੰਘਣਾ ਪਾਏ ਜਾਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਸ਼ੇਸ਼ ਜਾਂਚ ਟੀਮ ਵਿੱਚ ਹਰਜੋਤ ਪਾਲ ਸਿੰਘ ਸਹਾਇਕ ਕਮਿਸ਼ਨਰ (ਫੂਡ) ਤੇ ਮਹਿਕ ਸੈਣੀ ਫੂਡ ਸੇਫਟੀ ਅਫ਼ਸਰ ਸ਼ਾਮਲ ਸਨ।