ਗ੍ਰੰਥੀ ਸਾਹਿਬਾਨ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਗ੍ਰੰਥੀ ਸਾਹਿਬਾਨ ਦਾ ਵਿਸ਼ੇਸ਼ ਸਨਮਾਨ
Publish Date: Tue, 15 Sep 2026 09:43 PM (IST)
Updated Date: Tue, 15 Sep 2026 09:44 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਧਾਰਮਿਕ ਸਮਾਗਮ ਤੇ ਗ੍ਰੰਥੀ ਸਾਹਿਬਾਨ ਦੇ ਸਨਮਾਨ ਸਮਾਰੋਹ ਦਾ ਆਯੋਜਨ ਗੁਰੂ ਨਾਨਕ ਮਿਸ਼ਨ ਨੇਤਰਹੀਣ ਬਿਰਧ ਆਸ਼ਰਮ ਸਪਰੋੜ ਵਿਖੇ ਬੜੀ ਸ਼ਰਧਾ, ਉਤਸ਼ਾਹ ਤੇ ਧਾਰਮਿਕ ਭਾਵਨਾ ਨਾਲ ਸੰਤ ਬਾਬਾ ਮੁਖਤਿਆਰ ਸਿੰਘ ਜੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਤਪ ਅਸਥਾਨ ਨਿਰਮਲ ਕੁਟੀਆ ਛੰਭ ਵਾਲੀ ਪੰਡਵਾ ਦੇ ਮੁੱਖ ਸੰਚਾਲਕ ਸੰਤ ਬਾਬਾ ਗੁਰਚਰਨ ਸਿੰਘ ਜੀ ਮਹਾਰਾਜ, ਸੰਤ ਬਾਬਾ ਤਲਵਿੰਦਰ ਸਿੰਘ ਪਰਮੇਸ਼ਵਰ ਜੀ, ਸੰਤ ਬਾਬਾ ਕਰਮਜੀਤ ਸਿੰਘ ਭਧਿਆਣਾ ਤੇ ਸੰਤ ਬਾਬਾ ਕਮਲੇਸ਼ ਗਿਰੀ ਜੀ ਸਪਰੋੜ ਨੇ ਉਚੇਚੇ ਤੌਰ ’ਤੇ ਸ਼ਿਰਕਤ ਕਰਕੇ ਸੰਗਤਾਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਵੀ ਵਿਸ਼ੇਸ਼ ਤੌਰ ’ਤੇ ਸਮਾਗਮ ਵਿੱਚ ਸ਼ਾਮਿਲ ਹੋਏ। ਇਸ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਨੇ ਵੀ ਸਮਾਗਮ ਵਿੱਚ ਹਾਜ਼ਰੀ ਭਰ ਕੇ ਗੁਰੂ ਘਰ ਦੇ ਵਜ਼ੀਰਾਂ ਦਾ ਸਨਮਾਨ ਕੀਤਾ। ਸਮਾਗਮ ਦੀ ਵਿਸ਼ੇਸ਼ਤਾ ਇਹ ਰਹੀ ਕਿ ਫਗਵਾੜਾ ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਵਿੱਚ ਗੁਰੂ ਘਰ ਦੀ ਸੇਵਾ ਨਿਭਾਅ ਰਹੇ ਕਰੀਬ 300 ਗ੍ਰੰਥੀ ਸਾਹਿਬਾਨ ਗੁਰੂ ਘਰ ਦੇ ਵਜ਼ੀਰਾਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਗ੍ਰੰਥੀ ਸਾਹਿਬਾਨ ਦੀਆਂ ਧਾਰਮਿਕ ਸੇਵਾਵਾਂ ਤੇ ਗੁਰੂ ਘਰ ਪ੍ਰਤੀ ਉਨ੍ਹਾਂ ਦੀ ਨਿਭਾਈ ਜਾ ਰਹੀ ਜ਼ਿੰਮੇਵਾਰੀ ਦੀ ਸ਼ਲਾਘਾ ਕੀਤੀ ਗਈ। ਆਸ਼ਰਮ ਦੇ ਪ੍ਰਧਾਨ ਪਰਮਜੀਤ ਸਿੰਘ, ਜਨਰਲ ਸਕੱਤਰ ਚਰਨਜੀਤ ਸਿੰਘ, ਤਰਸੇਮ ਸਿੰਘ, ਅੰਮ੍ਰਿਤ ਪਾਲ ਸਿੰਘ, ਗਣੇਸ਼ ਸਿੰਘ ਨਿਆਏ ਤੇ ਹੋਰ ਪ੍ਰਬੰਧਕਾਂ ਨੇ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਮੂਹ ਸੰਤ ਮਹਾਂਪੁਰਖਾਂ, ਸਿੰਘ ਸਾਹਿਬਾਨ, ਗ੍ਰੰਥੀ ਸਾਹਿਬਾਨ ਤੇ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਦਵਿੰਦਰ ਸਿੰਘ, ਮਨਦੀਪ ਸਿੰਘ ਪ੍ਰਧਾਨ ਸਪਰੋੜ, ਕੁਲਵੰਤ ਸਿੰਘ ਘੱਗ, ਬਲਜਿੰਦਰ ਸਿੰਘ ਕੁੱਕੜ ਪਿੰਡ, ਪਰਮਜੀਤ ਸਿੰਘ ਪ੍ਰਧਾਨ, ਭਾਈ ਜੈਦੀਪ ਸਿੰਘ ਕਥਾਵਾਚਕ, ਅਮਰਜੀਤ ਸਿੰਘ ਚਹੇੜੂ, ਹਰਜੀਤ ਸਿੰਘ ਮੇਹਟਾ, ਬਲਵੀਰ ਸਿੰਘ ਗਨਵਾ, ਜਸਪਾਲ ਸਿੰਘ ਖੰਗੂੜਾ, ਜਸਵੀਰ ਸਿੰਘ, ਜਸਵੰਤ ਸਿੰਘ, ਹਰਵਿੰਦਰ ਸਿੰਘ ਨੰਗਲ ਮੱਝਾ, ਪਰਮਿੰਦਰ ਸਿੰਘ ਲਾਡੀ ਨੰਗਲ ਮੱਝਾ, ਸ਼੍ਰੋਮਣੀ ਅਕਾਲੀ ਦਲ ਦਿਹਾਤੀ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਚੰਦੀ, ਅਵਤਾਰ ਸਿੰਘ ਮੰਗੀ, ਗੁਰਦੀਪ ਸਿੰਘ ਖੇੜਾ ਤੇ ਰਣਜੀਤ ਸਿੰਘ ਜੀਤੀ ਖੇੜਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਤੇ ਇਲਾਕੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।