ਲੋਕ ਸੇਵਾ ਨੂੰ ਸਮਰਪਿਤ ਰਹੀ ਨੰਬਰਦਾਰ ਦਰਸ਼ਨ ਸਿੰਘ ਦੀ ਜ਼ਿੰਦਗੀ ਭੋਗ ਤੇ ਵਿਸ਼ੇਸ਼: ਲੋਕ ਸੇਵਾ ਨੂੰ ਸਮਰਪਿਤ ਰਹੀ ਨੰਬਰਦਾਰ ਦਰਸ਼ਨ ਸਿੰਘ ਦੀ ਜ਼ਿੰਦਗੀ
Publish Date: Sat, 05 Sep 2026 08:29 PM (IST)
Updated Date: Sat, 05 Sep 2026 08:31 PM (IST)
--ਮਿਲਾਪੜੇ ਸੁਭਾਅ, ਅਗਾਂਹਵਧੂ ਸੋਚ ਤੇ ਹੱਕ-ਸੱਚ ਲਈ ਡਟ ਕੇ ਖੜ੍ਹਨ ਵਾਲੀ ਸ਼ਖ਼ਸੀਅਤ ਵਜੋਂ ਇਲਾਕੇ ’ਚ ਬਣਾਈ ਵਿਲੱਖਣ ਪਛਾਣ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਦੀਆਂ ਸਿਆਸੀ, ਸਮਾਜਿਕ ਤੇ ਪੰਥਕ ਸਰਗਰਮੀਆਂ ਵਿੱਚ ਆਪਣੀ ਨਿਵੇਕਲੀ ਪਛਾਣ ਰੱਖਣ ਵਾਲੇ ਨੰਬਰਦਾਰ ਦਰਸ਼ਨ ਸਿੰਘ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪਰਿਵਾਰ ਸਮੇਤ ਸਮੁੱਚੇ ਇਲਾਕੇ ਵਿੱਚ ਡੂੰਘਾ ਸੋਗ ਹੈ। 29 ਅਗਸਤ ਨੂੰ ਅਚਾਨਕ ਸਦੀਵੀ ਵਿਛੋੜਾ ਦੇ ਗਏ ਨੰਬਰਦਾਰ ਦਰਸ਼ਨ ਸਿੰਘ ਦੀ ਨਿੱਘੀ ਯਾਦ ਉਨ੍ਹਾਂ ਨਾਲ ਜੁੜੇ ਲੋਕਾਂ ਦੇ ਦਿਲਾਂ ਵਿੱਚ ਸਦਾ ਵੱਸਦੀ ਰਹੇਗੀ। ਸਾਲ 1953 ਵਿੱਚ ਲਛਮਣ ਸਿੰਘ ਨੰਬਰਦਾਰ ਤੇ ਮਾਤਾ ਕਰਤਾਰ ਕੌਰ ਦੇ ਘਰ ਜਨਮੇ ਦਰਸ਼ਨ ਸਿੰਘ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ। ਪਿਤਾ-ਪੁਰਖੀ ਨੰਬਰਦਾਰੀ ਸੰਭਾਲਦਿਆਂ ਦਰਸ਼ਨ ਸਿੰਘ ਨੇ ਵੀ ਆਪਣੇ ਪਿਤਾ ਜੀ ਦੇ ਪਾਏ ਪੂਰਨਿਆਂ ’ਤੇ ਚੱਲਦਿਆਂ ਨੰਬਰਦਾਰੀ ਨੂੰ ਮਹਿਜ਼ ਅਹੁਦਾ ਨਹੀਂ, ਸਗੋਂ ਲੋਕ ਸੇਵਾ ਦੀ ਜ਼ਿੰਮੇਵਾਰੀ ਸਮਝ ਕੇ ਨਿਭਾਇਆ। ਸਾਲ 1972 ਵਿੱਚ ਉਨ੍ਹਾਂ ਦਾ ਵਿਆਹ ਬੀਬੀ ਕੁਲਵੰਤ ਕੌਰ ਵਾਸੀ ਪਿੰਡ ਸਰਦਾਰ ਵਾਲਾ, ਜ਼ਿਲ੍ਹਾ ਜਲੰਧਰ ਨਾਲ ਹੋਇਆ। ਇਸ ਸੁਖਾਵੇਂ ਪਰਿਵਾਰਕ ਸਫ਼ਰ ਦੌਰਾਨ ਉਨ੍ਹਾਂ ਦੇ ਘਰ ਤਿੰਨ ਪੁੱਤਰਾਂ ਗੁਰਨਾਮ ਸਿੰਘ, ਹਰਜੀਤ ਸਿੰਘ, ਮੁਖਤਿਆਰ ਸਿੰਘ ਸੋਢੀ ਤੇ ਇੱਕ ਧੀ ਨੇ ਜਨਮ ਲਿਆ। ਉਨ੍ਹਾਂ ਦੇ ਬੱਚਿਆਂ ਨੇ ਆਪਣੀ ਮਿਹਨਤ ਅਤੇ ਕਾਬਲੀਅਤ ਨਾਲ ਪਰਿਵਾਰ ਦਾ ਨਾਮ ਰੌਸ਼ਨ ਕੀਤਾ। ਨੰਬਰਦਾਰ ਦਰਸ਼ਨ ਸਿੰਘ ਬੇਬਾਕ, ਅਗਾਂਹਵਧੂ ਸੋਚ ਅਤੇ ਹੱਕ-ਸੱਚ ਲਈ ਡਟ ਕੇ ਖੜ੍ਹਨ ਵਾਲੀ ਸ਼ਖ਼ਸੀਅਤ ਸਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਕੇ ਉਨ੍ਹਾਂ ਨੇ ਪੰਥਕ ਤੇ ਸਮਾਜਿਕ ਖੇਤਰ ਵਿੱਚ ਲੰਮਾ ਸਮਾਂ ਸਰਗਰਮ ਭੂਮਿਕਾ ਨਿਭਾਈ। ਉਨ੍ਹਾਂ ਦਾ ਮਿਲਾਪੜਾ ਸੁਭਾਅ, ਨਿਮਰਤਾ ਅਤੇ ਹਰ ਵਰਗ ਦੇ ਲੋਕਾਂ ਨਾਲ ਬਣੀ ਸਾਂਝ ਉਨ੍ਹਾਂ ਦੀ ਸ਼ਖ਼ਸੀਅਤ ਦੀ ਸਭ ਤੋਂ ਵੱਡੀ ਪਛਾਣ ਸੀ। ਉਨ੍ਹਾਂ ਦੇ ਸਪੁੱਤਰ ਮੁਖਤਿਆਰ ਸਿੰਘ ਸੋਢੀ ਡਡਵਿੰਡੀ ਉੱਘੇ ਆੜ੍ਹਤੀਏ ਹੋਣ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ਿਲ੍ਹਾ ਪ੍ਰਧਾਨ ਵਜੋਂ ਪੰਥਕ ਤੇ ਸਮਾਜਿਕ ਖੇਤਰ ਵਿੱਚ ਵੀ ਸਰਗਰਮ ਹਨ। ਉਨ੍ਹਾਂ ਦੀ ਅੰਤਿਮ ਅਰਦਾਸ ਤੇ ਪਾਠ ਦੇ ਭੋਗ 6 ਸਤੰਬਰ, ਦਿਨ ਐਤਵਾਰ ਨੂੰ ਪਿੰਡ ਡਡਵਿੰਡੀ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਪਾਏ ਜਾਣਗੇ। ਉਪਰੰਤ ਵੱਖ-ਵੱਖ ਸ਼ਖ਼ਸੀਅਤਾਂ ਵੱਲੋਂ ਨੰਬਰਦਾਰ ਦਰਸ਼ਨ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਣਗੀਆਂ।