ਸ਼੍ਰੀ ਗੁਰੂ ਰਵਿਦਾਸ ਸਭਾ ਨੇ ਕਰਵਾਇਆ ਵਿਸ਼ੇਸ਼ ਸਮਾਗਮ ਸੰਵਿਧਾਨ ਦਿਵਸ ਮੌਕੇ ਸ਼੍ਰੀ ਗੁਰੂ ਰਵਿਦਾਸ ਸਭਾ ਵੱਲੋਂ ਵਿਸ਼ੇਸ਼ ਸਮਾਗਮ ਆਯੋਜਿਤ
Publish Date: Fri, 27 Nov 2026 08:15 PM (IST)
Updated Date: Fri, 27 Nov 2026 08:16 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸ਼੍ਰੀ ਗੁਰੂ ਰਵਿਦਾਸ ਸਭਾ (ਰਜਿ.) ਅਰਬਨ ਅਸਟੇਟ ਫਗਵਾੜਾ ਵੱਲੋਂ ਸੰਵਿਧਾਨ ਦਿਵਸ ਦੇ ਸਬੰਧ ਵਿੱਚ ਡਾ. ਅੰਬੇਡਕਰ ਭਵਨ, ਅਰਬਨ ਅਸਟੇਟ ਫਗਵਾੜਾ ਵਿਖੇ ਇੱਕ ਵਿਸ਼ੇਸ਼ ਸਮਾਗਮ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਗੁਰਮੇਲ ਸਿੰਘ ਵਿਰਕ, ਅਮਰੀਕਾ ਤੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਨੇ ਸਵੇਰੇ 10 ਵਜੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਤੇ ਸਭਾ ਵੱਲੋਂ ਨਵੀਂ ਤਿਆਰ ਕੀਤੀ ਗਈ ਕੰਪਿਊਟਰ ਲੈਬ ਦਾ ਉਦਘਾਟਨ ਕੀਤਾ। ਸਮਾਗਮ ਦੌਰਾਨ ਸਭਾ ਵੱਲੋਂ ਚਲਾਏ ਜਾ ਰਹੇ ਮੁਫ਼ਤ ਕੰਪਿਊਟਰ ਕੋਰਸ ਦੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸੇ ਤਰ੍ਹਾਂ ਮੁਫ਼ਤ ਡਰੈੱਸ ਡਿਜ਼ਾਈਨਿੰਗ ਕੋਰਸ ਦੀਆਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦੇਣ ਦੇ ਨਾਲ-ਨਾਲ ਸਿਲਾਈ ਮਸ਼ੀਨਾਂ ਵੀ ਭੇਟ ਕੀਤੀਆਂ ਗਈਆਂ, ਤਾਂ ਜੋ ਉਹ ਸਿਖਲਾਈ ਪ੍ਰਾਪਤ ਕਰਨ ਉਪਰੰਤ ਸਵੈ-ਰੁਜ਼ਗਾਰ ਸ਼ੁਰੂ ਕਰਕੇ ਆਤਮ-ਨਿਰਭਰ ਬਣ ਸਕਣ। ਇਸ ਮੌਕੇ ਜਰਮਨੀ ਤੋਂ ਪਹੁੰਚੇ ਜੋਗਿੰਦਰ ਝਿੱਕਾ ਨੇ ਸੰਵਿਧਾਨ ਦਿਵਸ ਨੂੰ ਸਮਰਪਿਤ ਗੀਤ-ਸੰਗੀਤ ਦੀ ਪੇਸ਼ਕਾਰੀ ਕੀਤੀ ਤੇ ਸੋਹਣ ਸਹਿਜਲ ਨੇ ਆਪਣੀ ਕਵਿਤਾ ਰਾਹੀਂ ਸੰਵਿਧਾਨ ਦੀ ਮਹੱਤਤਾ ਨੂੰ ਉਜਾਗਰ ਕੀਤਾ। ਪ੍ਰਿੰਸੀਪਲ ਡਾ. ਚੰਦਰ ਕਾਂਤਾ ਬਸਰਾ, ਸਰਪੰਚ ਸਤਪਾਲ ਵਿਰਕ ਤੇ ਡਾ. ਅੰਬੇਡਕਰ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਮੋਹਿਤ, ਖੁਸ਼ਦੀਪ ਤੇ ਅਧਿਆਪਕਾ ਰੇਨੂੰ ਸੁਮਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪੁਨਰਜੋਤ ਆਈ ਸੰਸਥਾ ਦੇ ਕੋਆਰਡੀਨੇਟਰ ਅਸ਼ੋਕ ਮਹਿਰਾ ਨੇ ਅੱਖਾਂ ਦਾਨ ਕਰਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਲੋਕਾਂ ਨੂੰ ਇਸ ਮਹਾਨ ਸਮਾਜਿਕ ਕਾਰਜ ਲਈ ਅੱਗੇ ਆਉਣ ਦੀ ਅਪੀਲ ਕੀਤੀ। ਇਸ ਮੌਕੇ ਸਭਾ ਦੇ ਜਨਰਲ ਸਕੱਤਰ ਸ਼੍ਰੀ ਘਨਸ਼ਾਮ ਨੇ ਮੁੱਖ ਮਹਿਮਾਨ ਤੇ ਆਏ ਬੁਧੀਜੀਵੀਆਂ ਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਸਭਾ ਵੱਲੋਂ ਸਮਾਜ ਭਲਾਈ ਲਈ ਚਲਾਏ ਜਾ ਰਹੇ ਵੱਖ-ਵੱਖ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਲੋੜਵੰਦ ਤੇ ਹੋਣਹਾਰ ਵਿਦਿਆਰਥੀਆਂ ਲਈ ਮੁਫ਼ਤ ਕੋਚਿੰਗ ਸੈਂਟਰ, ਮੁਫ਼ਤ ਕੰਪਿਊਟਰ ਸੈਂਟਰ, ਮੁਫ਼ਤ ਸਿਲਾਈ ਸੈਂਟਰ, ਮੁਫ਼ਤ ਡਿਸਪੈਂਸਰੀ ਤੇ ਚੈਰੀਟੇਬਲ ਲੈਬਾਰਟਰੀ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਵਿਆਹ-ਸ਼ਾਦੀਆਂ ਤੇ ਹੋਰ ਸਮਾਜਿਕ ਤੇ ਧਾਰਮਿਕ ਸਮਾਗਮਾਂ ਲਈ ਬਹੁਮੰਤਵੀ ਹਾਲ ਵੀ ਉਪਲੱਬਧ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਭਾ ਦਾ ਮੁੱਖ ਉਦੇਸ਼ ਸਿੱਖਿਆ, ਸਿਹਤ, ਰੁਜ਼ਗਾਰ ਤੇ ਸਮਾਜਿਕ ਬਰਾਬਰੀ ਦੇ ਖੇਤਰ ਵਿੱਚ ਲੋੜਵੰਦ ਲੋਕਾਂ ਦੀ ਸੇਵਾ ਕਰਨਾ ਹੈ। ਸਮਾਗਮ ਵਿੱਚ ਸਭਾ ਦੇ ਕਾਰਜਕਾਰੀ ਪ੍ਰਧਾਨ ਅਵਤਾਰ ਸਿੰਘ ਦਰਦੀ, ਖਜ਼ਾਨਚੀ ਸਰਵਣ ਬਿਰਾਹ, ਉਪ ਪ੍ਰਧਾਨ ਗੁਰਮੇਜ ਸਿੰਘ, ਸਾਬਕਾ ਪ੍ਰਧਾਨ ਕੇਕੇ ਗੁਰੂ, ਮਨੋਹਰ ਲਾਲ, ਮੋਢੀ ਜਨਰਲ ਸਕੱਤਰ ਪ੍ਰੇਮ ਸਰੋਏ, ਪਰਸ਼ੋਤਮ ਜੱਖੂ, ਚਮਨ ਲਾਲ, ਬਲਦੇਵ ਸਿੰਘ, ਡਾ. ਤੀਰਥ ਬਸਰਾ, ਰਾਮ ਸ਼ਰਨ ਸਰੋਆ, ਬਲਵੰਤ ਸਿੰਘ ਦਰੋਚ, ਨਸੀਬ ਚੰਦ, ਰਾਜ ਕੁਮਾਰ, ਅਵਤਾਰ ਗੈੱਟ, ਕੌਂਸਲਰ ਗੁਰਪ੍ਰੀਤ ਜੰਡੂ, ਰਣਜੀਵ ਕੁਮਾਰ, ਪ੍ਰਿੰਸੀਪਲ ਸੁਰਿੰਦਰ ਕੁਮਾਰ, ਤਰਸੇਮ ਸੱਲ੍ਹਣ, ਹੈੱਡਮਾਸਟਰ ਜੀਤ ਸਿੰਘ, ਰਾਮ ਆਸਰਾ ਸਿੱਧੂ, ਸੁਰਿੰਦਰਪਾਲ ਚਾਚੋਕੀ, ਸੰਤੋਸ਼ ਚੰਦ ਹੀਰ, ਸੁਰਜੀਤ ਕੁਮਾਰ, ਸੋਹਣ ਲਾਲ ਬਾਗਲਾਂ, ਕੁਲਦੀਪ ਸਿੰਘ, ਚਰਨ ਦਾਸ ਤੇ ਗੁਰਦਿਆਲ ਰਾਮ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ। ਇਸ ਤੋਂ ਇਲਾਵਾ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਹਕੀਮ ਦੇ ਪ੍ਰਧਾਨ ਦੇਵਿੰਦਰ ਕੁਲਥਮ ਤੇ ਕੈਸ਼ੀਅਰ ਗੁਰਦਿਆਲ ਸੋਢੀ, ਕੋਚਿੰਗ ਸੈਂਟਰ ਦੇ ਵਿਦਿਆਰਥੀਆਂ, ਇਲਾਕਾ ਨਿਵਾਸੀਆਂ, ਵੱਖ-ਵੱਖ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ, ਨੌਜਵਾਨਾਂ ਤੇ ਬੁੱਧੀਜੀਵੀਆਂ ਨੇ ਆਪਣੇ ਪਰਿਵਾਰਾਂ ਸਮੇਤ ਸਮਾਗਮ ਵਿੱਚ ਸ਼ਿਰਕਤ ਕੀਤੀ। ਸਭਾ ਵੱਲੋਂ ਸਮਾਗਮ ਵਿੱਚ ਸ਼ਾਮਲ ਹੋਈ ਸਮੂਹ ਸੰਗਤ ਲਈ ਚਾਹ ਤੇ ਨਾਸ਼ਤੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ਮੁੱਖ ਮਹਿਮਾਨ ਗੁਰਮੇਲ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਦੀ ਘਾਲਣਾ ਨੂੰ ਯਾਦ ਕੀਤਾ ਤੇ ਸਭਾ ਵੱਲੋਂ ਚਲਾਏ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਵਾਸਤੇ ਸਵਾ ਦੋ ਲੱਖ ਰੁਪਏ ਦਾ ਆਰਥਿਕ ਸਹਿਯੋਗ ਕੀਤਾ। ਸਭਾ ਵਲੋਂ ਮੁੱਖ ਮਹਿਮਾਨ ਗੁਰਮੇਲ ਸਿੰਘ ਨੂੰ ਲੋਈ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਤੇ ਆਰਥਿਕ ਸਹਿਯੋਗ ਵਾਸਤੇ ਧੰਨਵਾਦ ਕੀਤਾ ਗਿਆ। ਅੰਤ ਵਿੱਚ ਸਭਾ ਦੇ ਜਨਰਲ ਸਕੱਤਰ ਘਨਸ਼ਾਮ ਵੱਲੋਂ ਮੁੱਖ ਮਹਿਮਾਨ, ਸਮੂਹ ਬੁਲਾਰਿਆਂ, ਸਹਿਯੋਗੀਆਂ ਤੇ ਹਾਜ਼ਰ ਸੰਗਤ ਦਾ ਧੰਨਵਾਦ ਕੀਤਾ ਗਿਆ।